ਬੁਢਲਾਡਾ 26 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਭਾਰਤ ਬੰਦ ਤਹਿਤ ਅੱਜ ਬੁਢਲਾਡਾ ਸ਼ਹਿਰ ਮੁਕੰਮਲ ਬੰਦ ਰਿਹਾ। ਦੁਕਾਨਦਾਰਾਂ – ਵਪਾਰੀਆਂ ਅਤੇ ਹੋਰ ਕਾਰੋਬਾਰੀਆਂ ਨੇ ਆਪਣੇ ਕੰਮਕਾਰ ਸਾਰਾ ਦਿਨ ਰੋਸ ਵਜੋਂ ਪੂਰੇ ਤਰ੍ਹਾਂ ਬੰਦ ਰੱਖੇ ਅਤੇ ਕਿਸਾਨ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕੀਤੀ। ਸ਼ਹਿਰ ਦੇ ਆਈ ਟੀ ਆਈ ਚੌਕ ਅਤੇ ਗੁਰੂ ਨਾਨਕ ਕਾਲਜ ਚੌਕ ਵਿਖੇ ਆਵਾਜਾਈ ਠੱਪ ਕਰਕੇ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਸ਼ਹਿਰਵਾਸੀਆਂ ਸਮੇਤ ਇਲਾਕੇ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਕਿਰਤੀ, ਕਿਸਾਨ ਸ਼ਾਮਲ ਹੋਏ। ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵੀ ਪ੍ਰਭਾਵਸ਼ਾਲੀ ਸੀ। ਅੱਜ ਦੇ ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਸਿੰਘ ਅਰਸ਼ੀ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ , ਬੀ।ਕੇ।ਯੂ। ( ਕਾਦੀਆਂ) ਦੇ ਸੀਨੀਅਰ ਆਗੂ
ਜਰਨੈਲ ਸਿੰਘ ਸਤੀਕੇ , ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ ) ਦੇ ਜਿਲ੍ਹਾ ਆਗੂ ਦਿਲਬਾਗ ਸਿੰਘ ਗੱਗੀ , ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਬਿੰਦਰ ਸਿੰਘ ਅਹਿਮਦਪੁਰ , ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਗੁਰਨੇ ਕਲਾਂ , ਆੜਤੀਆ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਰਾਜ ਕੁਮਾਰ ਭੱਠਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਆਗੂ ਡਾ। ਮਨਮੰਦਰ ਸਿੰਘ ਕਲੀਪੁਰ ਨੇ ਸੰਬੋਧਨ ਕੀਤਾ । ਕਿਸਾਨ ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਸ਼ਾਸ਼ਨਕਾਲ ਵਿੱਚ ਦੇਸ਼ ਨੂੰ ਆਰਥਿਕ ਪੱਖੋਂ ਬਰਬਾਦ ਕੀਤਾ ਹੈ ਅਤੇ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ। ਜੀ।ਐਸ।ਟੀ ਅਤੇ ਨੋਟਬੰਦੀ ਜਿਹੇ ਤੁਗਲਕੀ ਫੈਸਲਿਆਂ ਨੇ ਲਘੂ ਕਾਰੋਬਾਰਾਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ ਅਤੇ ਬੇਰੁਜ਼ਗਾਰੀ ਵਿੱਚ ਚੌਖਾ ਵਾਧਾ ਹੋਇਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕਰੌਨਾ ਮਹਾਂਮਾਰੀ ਦੇ ਖੌਫ਼ ਥੱਲੇ ਵੱਡੇ ਸਰਮਾਏਦਾਰਾਂ ਨੂੰ ਦੇਸ਼ ਦੀ ਜਾਇਦਾਦ ਕੌਡੀਆਂ ਦੇ ਭਾਅ ਲੁਟਾਈ ਜਾ ਰਹੀ ਹੈ ਅਤੇ ਲੋਕ ਰੋਹ ਕਾਨੂੰਨ ਦੇ ਡੰਡੇ ਦਾ ਡਰ ਦਿਖਾਕੇ ਦਬਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰੀਅਤ ਅਤੇ ਲੋਕਤੰਤਰ ਨੂੰ ਗੰਭੀਰ ਖਤਰਾ ਹੈ। ਮੋਦੀ ਸਰਕਾਰ ਤਾਨਾਸ਼ਾਹੀ ਵਾਲੇ ਪਾਸੇ ਤੁਰੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇੰਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਾ ਕੀਤਾ ਅਤੇ ਸਰਕਾਰ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਵਿੱਚ ਸੁਧਾਰ ਨਾ ਕੀਤਾ ਤਾਂ ਦੇਸ਼ ਦੇ ਲੋਕ ਆਜ਼ਾਦੀ ਦੇ ਅੰਦੋਲਨ ਤੋਂ ਵੀ ਵੱਡੇ ਸੰਗਰਾਮ ਲਈ ਤਿਆਰ ਹੋਏ ਬੈਠੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਇਸ ਅੰਦੋਲਨ ੋਤੇ ਦੁਨੀਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ ਕਿਉਂਕਿ ਅਮਰੀਕੀ ਸਾਮਰਾਜ ਦੇ ਲੋਕ ਵਿਰੋਧੀ ਮਾਡਲ ਨੇ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਗਰੀਬੀ , ਭੁੱਖਮਰੀ , ਭ੍ਰਿਸ਼ਟਾਚਾਰ , ਬੇਰੁਜ਼ਗਾਰੀ ਆਦਿ ਤੋਂ ਸਿਵਾਏ ਕੁੱਝ ਨਹੀਂ ਦਿੱਤਾ ਅਤੇ ਦੇਸ਼ ਅਤੇ ਦੁਨੀਆਂ ਇਸ ਸਾਮਰਾਜੀ ਪੂੰਜੀਵਾਦੀ ਮਾਡਲ ਤੋਂ ਅੱਕੀ ਖਹਿੜਾ ਛੁਡਾਉਣ ਲਈ ਉੱਸਲਵੱਟੇ ਲੈ ਰਹੀ ਹੈ ਅਤੇ ਅੰਦੋਲਨਾਂ ਦੇ ਰਾਹ ਪਈ ਹੋਈ ਹੈ।