ਮਾਨਸਾ 11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਫਿਰੋਜ਼ਪੁਰ ਦੀ ਘਟਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਬੈਕ ਫੁੱਟ ‘ਤੇ ਆ ਗਿਆ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਚੇਤਾਵਨੀ ਮਗਰੋਂ ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਫਿਰੋਜ਼ਪੁਰ ਵਿੱਚ ਅਕਾਲੀ ਵਰਕਰਾਂ ਤੇ ਕਿਸਾਨਾਂ ਦੇ ਟਕਰਾਅ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਅਕਾਲੀ ਦਲ ਨੂੰ ਖਬਰਦਾਰ ਕੀਤਾ ਹੈ।
ਸੂਤਰਾਂ ਮੁਤਾਬਕ ਅੱਜ ਹਰਸਿਮਰਤ ਬਾਦਲ ਨੇ ਮਾਨਸਾ ਆਉਣਾ ਸੀ। ਅਚਾਨਕ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ। ਇਸ ਬਾਰੇ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਪ੍ਰੇਮ ਅਰੋੜਾ ਨੇ ਦੱਸਿਆ ਕਿ ਹਰਸਿਰਤ ਬਾਦਲ ਦਾ ਦੌਰਾ ਵਿਸ਼ੇਸ਼ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ। ਹੁਣ ਨਵੇਂ ਸਿਰੇ ਤੋਂ ਦੌਰੇ ਸਬੰਧੀ ਪਾਰਟੀ ਆਗੂਆਂ ਨੂੰ ਬਾਅਦ ਵਿੱਚ ਦੱਸਿਆ ਜਾਵੇਗਾ।
ਉਧਰ ਹਰਸਿਮਰਤ ਬਾਦਲ ਵੱਲੋਂ ਦੌਰਾ ਰੱਦ ਕਰਨ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਵੱਲੋਂ ਦਿੱਤੀ ਚਿਤਾਵਨੀ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਹਰਸਿਮਰਤ ਬਾਦਲ ਦੇ ਘਿਰਾਓ ਲਈ ਮਾਨਸਾ ਜ਼ਿਲ੍ਹੇ ਦੀ ਹਦੂਦ ਅੰਦਰ ਪਿੰਡ ਭਾਈ ਦੇਸਾ ਵਿਖੇ ਇਕੱਠ ਕਰਕੇ ਦੋਸ਼ ਲਾਇਆ ਕਿ ਕੱਲ੍ਹ ਫਿਰੋਜ਼ਪੁਰ ਵਿਖੇ ਵਾਪਰੀ ਘਟਨਾ ਲਈ ਉਹ ਜ਼ਿੰਮੇਵਾਰ ਹਨ। ਮੋਰਚੇ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਲਖੀਮਪੁਰ ਖੀਰੀ ਵਾਂਗ ਹੀ ਫਿਰੋਜ਼ਪੁਰ ਵਿਖੇ ਕਿਸਾਨਾਂ ਉਪਰ ਗੋਲੀਬਾਰੀ ਕੀਤੀ ਗਈ।
ਦੱਸ ਦਈਏ ਕਿ ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਵਾਪਰੇ ਕਾਂਡ ਬਾਰੇ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਅਕਾਲੀ ਦਲ ਦਾ ਦਾਅਵਾ ਹੈ ਕਿ ਇਹ ਸਾਰੀ ਕਾਂਗਰਸੀਆਂ ਦੀ ਸ਼ਰਾਰਤ ਹੈ ਜਦੋਂਕਿ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਲੀਡਰਾਂ ਨੇ ਲਖੀਮਪੁਰ ਖੀਰੀ ਵਰਗਾ ਕਾਂਡ ਕਰਨ ਦੀ ਕੋਸ਼ਿਸ਼ ਕੀਤੀ ਹੈ।
ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਅਕਾਲੀ ਲੀਡਰਾਂ ਦਾ ਵਿਰੋਧ ਕਰ ਰਹੇ ਸਨ। ਉਹ ਹਰਸਿਮਰਤ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਅਕਾਲੀ ਲੀਡਰਾਂ ਨੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਤੇ ਗੋਲੀਆਂ ਚਲਾਈਆਂ ਤੇ ਗੱਡੀ ਭਜਾ ਕੇ ਫ਼ਰਾਰ ਹੋ ਗਏ।