ਬੁਢਲਾਡਾ(ਸਾਰਾ ਯਹਾਂ/ਅਮਨ ਮਹਿਤਾ) – ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਕਾਫਲੇ ਨਾਲ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਦੁਕਾਨਦਾਰਾਂ-ਕਾਰੋਬਾਰੀਆਂ ਨੂੰ ਬਜਾਰ ਖੋਲੇ ਜਾਣ ਦਾ ਸੱਦਾ ਦਿੱਤਾ। ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ ਅਤੇ ਡਕੌਂਦਾ ਦੇ ਆਗੂ ਸਤਪਾਲ ਸਿੰਘ ਬਰੇ ਆਦਿ ਆਗੂਆਂ ਨੇ ਕੀਤੀ । ਜੁੜੇ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕਰੌਨਾ ਮਹਾਂਮਾਰੀ ਸਬੰਧੀ ਪੁਖਤਾ ਇੰਤਜਾਮ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਸ ਮਹਾਂਮਾਰੀ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕਹਿਰ ਮਚਾਇਆ ਹੋਇਆ ਹੈ ਅਤੇ ਦੂਜੀ ਕਰੌਨਾ ਲਹਿਰ ਨੇ ਮੋਦੀ ਸਰਕਾਰ ਦੀ ਪੋਲ ਖੋਲਕੇ ਰੱਖ ਦਿੱਤੀ ਹੈ। ਹਸਪਤਾਲਾਂ ਵਿੱਚ ਇੰਤਜਾਮ ਪੂਰੇ ਨਹੀਂ। ਮੁੱਢਲੀਆਂ ਸਹੂਲਤਾਂ ਬੈੱਡ , ਦਵਾਈਆਂ , ਆਕਸੀਜਨ ਆਦਿ ਵੀ ਉਪਲੱਬਧ ਨਹੀਂ । ਦੂਜੇ ਪਾਸੇ ਜਨਤਾ ਦੇ ਕਾਰੋਬਾਰ ਲੋਕਡਾਊਨ ਲਾ ਕੇ ਜਬਰੀ ਬੰਦ ਕਰਵਾ ਦਿੱਤੇ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਤਾੜ ਦਿੱਤਾ ਹੈ।ਮਹਿੰਗਾਈ ਵਿੱਚ ਚੌਖਾ ਵਾਧਾ ਹੋਇਆ ਇਕ ਸਮੇਂ ਵਿਚ ਬਹੁਗਿਣਤੀ ਵਿਦਿਆਰਥੀ ਪੜ੍ਹਨ ਨਹੀਂ ਆਉਂਦੇ ਹੈ। ਕਾਰੋਬਾਰ ਠੱਪ ਹੋ ਗਏ ਹਨ। ਜਨਤਾ ਕੲੀ ਪੁੜਾਂ ਵਿੱਚ ਪਿਸ ਰਹੀ ਹੈ। ਆਗੂਆਂ ਨੇ ਕਿਹਾ ਕਿ ਬਜਾਰ – ਕਾਰੋਬਾਰ ਬੰਦ ਕਰਨੇ ਕੋਈ ਹੱਲ ਨਹੀਂ। ਸਰਕਾਰ ਨੇ ਖੁਦ ਹੱਥ ਖੜੇ ਕੀਤੇ ਹੋਏ ਹਨ। ਜਨਤਾ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੇ ਕਾਰੋਬਾਰੀ ਆਪਣੀ ਅਤੇ ਗਾਹਕ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਪੋ-ਆਪਣੇ ਕੰਮਕਾਰ ਕਰਨ ਅਤੇ ਸਰਕਾਰਾਂ ਦੇ ਜਬਰ ਅਤੇ ਧੱਕੇਸ਼ਾਹੀ ਦਾ ਜਥੇਬੰਦਕ ਏਕੇ ਨਾਲ ਸਾਹਮਣਾ ਕਰਨ।
ਉਹਨਾ ਕਿਹਾ ਕਿ ਸਰਕਾਰ ਨੇ ਸਕੂਲ ਕਾਲਜ ਤਾ ਬੰਦ ਕੀਤੇ ਹੋਏ ਹਨ ਪਰ ਇਸ ਦੇ ਨਾਲ ਹੀ ਕੁਝ ਕੁ ਲੋਕਾਂ ਵੱਲੋਂ ਆਪਣੇ ਕਾਰੋਬਾਰ ਦੇ ਤੌਰ ਤੇ ਖੋਲ੍ਹੇ ਹੋਏ ਕੋਚਿੰਗ ਸੈਂਟਰ ਜਿਵੇਂ ਆਈਲੈੱਟਸ, ਕੰਪਿਊਟਰ, ਟੈਸਟਾਂ ਦੀ ਤਿਆਰੀ ਅਤੇ ਹੋਰ ਟਿਊਸ਼ਨ ਸੈਂਟਰ ਵੀ ਬੰਦ ਕਰ ਦਿੱਤੇ ਹਨ। ਜਿਨ੍ਹਾਂ ਨੂੰ ਸਕੂਲਾਂ ਕਾਲਜਾਂ ਦੀ ਸ੍ਰੇਣੀ ਵਿੱਚੋ ਕੱਢ ਕੇ ਖੋਲਿਆ ਜਾਵੇ। ਅੱਜ ਇਹ ਮਾਰਚ ਕਿਸਾਨਾਂ ਨੇ ਆਈ.ਟੀ.ਆਈ. ਚੌਕ ਤੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਤੱਕ ਕੀਤਾ ਗਿਆ। ਕਿਸਾਨਾਂ ਨੇ ਇਹ ਮਾਰਚ ਨੇ ਸ਼ਹਿਰ ਦੇ ਸਾਰੇ ਮੁੱਖ ਬਜਾਰਾਂ ਵਿੱਚ ਕੀਤਾ ਅਤੇ ਮੋਦੀ – ਕੈਪਟਨ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜੀ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ਼ਹਿਰ ਅੰਦਰ ਲੋਕਡਾਊਨ ਖੋਲ੍ਹੋ ਮੁਹਿੰਮ ਤਹਿਤ ਮਾਰਚ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਵਡੀ ਗਿਣਤੀ ਵਿੱਚ ਕਿਸਾਨ , ਅੋਰਤਾ, ਬੱਚੇ ਅਾਦਿ ਸ਼ਾਮਲ ਸਨ।