
ਮਾਨਸਾ,21 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਸੰਯੁਕਤ ਅਧਿਆਪਕ ਫ਼ਰੰਟ ਮਾਨਸਾ ਵੱਲੋਂ 26 ਨਵੰਬਰ ਦੀ ਸੰਗਰੂਰ ਰੈਲੀ ਨੂੰ ਲੈ ਕੇ ਇਕ ਮੀਟਿੰਗ ਡੀ. ਟੀ ਐਫ ਪ੍ਰਧਾਨ ਕਰਮਜੀਤ ਤਾਮਕੋਟ ਦੀ ਪ੍ਰਧਾਨਗੀ ਹੇਠ ਬਾਲ ਭਵਨ ਮਾਨਸਾ ਵਿਖੇ ਹੋਈ। ਜਿਸ ਵਿੱਚ 26 ਨਵੰਬਰ ਦੀ ਸੰਗਰੂਰ ਵਿਖੇ ਹੋਣ ਵਾਲੀ ਸੰਯੁਕਤ ਅਧਿਆਪਕ ਫ਼ਰੰਟ ਦੀ ਸੂਬਾ ਪੱਧਰੀ ਰੈਲੀ ਲਈ ਅਧਿਆਪਕਾਂ ਦੀ ਲਾਮਬੰਦੀ ਲਈ ਯੋਜਨਾਬੰਦੀ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ 6505 ਈ ਟੀ ਟੀ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਵਰ੍ਹੇ ਨੇ ਦੱਸਿਆ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਰਵੱਈਆ ਬਹੁਤ ਹੀ ਨਕਾਰਾਤਮਕ ਹੈ।6060 ਅਧਿਆਪਕ ਯੂਨੀਅਨ ਦੇ ਅਮਨ ਪੰਨੂ ਨੇ ਦੱਸਿਆ ਕਿ ਪਿਛਲੇ ਵਰ੍ਹੇ ਸਰਕਾਰ ਨੇ ਪੁਰਾਣੀ ਪੈਨਸ਼ਨ ਦਾ ਆਰਜ਼ੀ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਨਾਲ਼ ਕੋਝਾ ਮਜ਼ਾਕ ਕੀਤਾ, ਸਰਕਾਰ ਵੱਲੋਂ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ। 3704 ਦੇ ਜਿਲ੍ਹਾ ਪ੍ਰਧਾਨ ਜਗਜੀਵਨਜੋਤ singh ਨੇ ਕਿਹਾ ਕਿ ਆਪ ਸਰਕਾਰ ਵੀ ਪੰਜਾਬ ਦੇ ਨਵੇਂ ਰੈਗੂਲਰ ਭਰਤੀ ਮੁਲਾਜ਼ਮਾਂ ‘ਤੇ ਕਾਂਗਰਸ ਸਰਕਾਰ ਦੇ ਪੂਰਨਿਆਂ ‘ਤੇ ਚੱਲਦੇ ਹੋਏ ਜ਼ਬਰੀ ਕੇਂਦਰੀ ਪੇਅ ਸਕੇਲ ਥੋਪ ਰਹੀ ਹੈ ਤੇ 15-01-2015 ਦਾ ਨੋਟੀਫਿਕੇਸ਼ਨ ਮਾਨਯੋਗ ਹਾਈ ਕੋਰਟ ਵੱਲੋਂ ਡਬਲ ਬੈਂਚ ‘ਤੇ ਵੀ ਰੱਦ ਕਰ ਦਿੱਤਾ ਗਿਆ ਹੈ ਤੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੇ ਸਕੇਲਾਂ ‘ਤੇ ਤਨਖ਼ਾਹ ਦੇਣ ਦਾ ਫੈਸਲਾ ਕਰ ਦਿੱਤਾ ਹੈ ਤੇ ਮੁਲਾਜ਼ਮਾਂ ਦਾ ਬਕਾਇਆ ਤਿੰਨ ਮਹੀਨਿਆਂ ਵਿੱਚ ਅਦਾ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ। ਪਰ ਇਸ ਦੇ ਉਲਟ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ। ਅਧਿਆਪਕ ਆਗੂਆਂ ਜਗਤਾਰ ਝੱਬਰ, ਹਰਜਿੰਦਰ ਅਨੂਪਗੜ ਅਤੇ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਆਨਲਾਈਨ ਬਦਲੀ ਪਾਲਿਸੀ ਵਿੱਚ ਤਰੁੱਟੀਆਂ ਹੋਣ ਕਾਰਨ ਬਹੁਤੇ ਅਧਿਆਪਕ ਆਪਣੇ ਘਰਾਂ ਤੋਂ ਲੰਮੀ ਦੂਰੀ ‘ਤੇ ਸੇਵਾਵਾਂ ਨਿਭਾਉਣ ਲਈ ਮਜਬੂਰ ਹਨ।ਕੁਲਜੀਤ ਪਾਠਕ, ਮਨਜਿੰਦਰ ਸਿੰਘ ਨੇ ਦੱਸਿਆ ਕਿ ਚੋਣ ਵਾਅਦੇ ਮੁਤਾਬਕ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਵੀ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤੀ, ਨਾ ਹੀ ਕੰਪਿਊਟਰ ਅਧਿਆਪਕਾਂ ‘ਤੇ ਪੇਅ ਕਮਿਸ਼ਨ ਲਾਗੂ ਕੀਤਾ ਹੈ, ਪੇਂਡੂ ਭੱਤੇ ਸਮੇਤ 36 ਪ੍ਰਕਾਰ ਦੇ ਭੱਤੇ ਵੀ ਕੱਟੇ ਹੋਏ ਹਨ। ਨਾ ਹੀ ਏ.ਸੀ.ਪੀ. ਇੰਕਰੀਮੈਂਟ ਬਹਾਲ ਕੀਤਾ ਗਿਆ ਹੈ, ਨਾ ਹੀ ਡੀ.ਏ. ਦੀ ਕੋਈ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹਨ।3582 ਯੂਨੀਅਨ ਦੇ ਨਿਰਮਲ ਸਿੰਘ ਨੇ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਆਪਣਾ ਰੋਹ ਦਰਜ਼ ਕਰਵਾਉਂਦੇ ਹੋਏ ਮੰਗਾਂ ਮੰਨਵਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕੁਲਦੀਪ ਅੱਕਾਵਾਲੀ, ਗੁਰਦੀਪ ਬਰਨਾਲਾ ਗੁਰਪ੍ਰੀਤ ਭੀਖੀ,ਹਰਪ੍ਰੀਤ ਸਿੰਘ ਖਾਰਾ, ਸੁਖਜੀਤ ਸਿੰਘ, ਸੁਖਬੀਰ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ, ਨਜ਼ਰ ਸਿੰਘ, ਨਵਦੀਪ ਸਿੰਘ, ਹਰਬੰਸ ਸਿੰਘ, ਰਾਜਿੰਦਰ ਸਿੰਘ, ਕਰਮਜੀਤ ਸਿੰਘ,ਹਾਜ਼ਰ ਸਨ।
