
ਗੁਰਦਾਸਪੁਰ 21 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਬਿੱਲ 2020 ਰਾਜ ਸਭਾ ‘ਚ ਭਾਰੀ ਹੰਗਾਮੇ ਤੋਂ ਬਾਅਦ ਪਾਸ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਕਿਸਾਨਾਂ ਦਾ ਸੰਘਰਸ਼ ਤੇਜ਼ ਹੋ ਗਿਆ ਹੈ। ਇਸ ਦੌਰਾਨ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਬਿੱਲ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਸਿੱਧਾ ਕਿਸਾਨਾਂ ਦੇ ਸੀਨੇ ‘ਤੇ ਵੱਜਿਆ ਹੈ। ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਉਹ ਸੰਨੀ ਦਿਓਲ ਨੂੰ ਹੁਣ ਇੱਥੇ ਵੜਨ ਨਹੀਂ ਦੇਣਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਕਾਂਗਰਸ ਪ੍ਰਦਰਸ਼ਕਾਰੀਆਂ ਨੇ ਬਟਾਲਾ ‘ਚ ਅੱਜ ਗਾਂਧੀ ਚੌਕ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਹ ਬਿੱਲ ਕਿਸਾਨ ਸੁਧਾਰ ਬਿੱਲ ਨਹੀਂ ਸਗੋਂ ਕਿਸਾਨ ਵਿਰੋਧੀ ਬਿੱਲ ਹੈ ਜਿਸ ਨਾਲ ਕਿਸਾਨਾਂ ਦੀ ਜ਼ਿੰਦਗੀ ਤਬਾਹ ਹੋ ਜਾਏਗੀ।
ਦੂਜੇ ਪਾਸੇ ਦਲੇਰ ਮਹਿੰਦੀ ਵੱਲੋਂ ਕਿਸਾਨ ਬਿੱਲ ਦਾ ਸਮਰਥਨ ਕਰਨ ‘ਤੇ ਕਿਸਾਨਾਂ ਨੇ ਕਿਹਾ ਕਿ ਉਸ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ ਤੇ ਪੰਜਾਬ ਦੇ ਲੋਕ ਉਸ ਨੂੰ ਮੁਆਫ ਨਹੀਂ ਕਰਨਗੇ।
