ਮਾਨਸਾ, 13 ਮਈ ( (ਸਾਰਾ ਯਹਾ/ ਹੀਰਾ ਸਿੰਘ ਮਿੱਤਲ) ਅਧਿਆਪਕਾਂ ਦੇ ਹੱਕੀ ਘੋਲਾਂ ‘ਚ ਮੋਹਰੀ ਰੋਲ ਨਿਭਾਉਣ ਵਾਲੇ ਅਧਿਆਪਕ ਆਗੂਆਂ ਨੇ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਵਾ ਕੇ ਨਵੀਆਂ ਪਿਰਤਾਂ ਪਾਈਆਂ ਹਨ। ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਖੁਦ ਤੋਂ ਹੀ ਅਜਿਹੀਆਂ ਸਾਰਥਿਕ ਮੁਹਿੰਮ ਦੀਆਂ ਦੀ ਸ਼ੁਰੂਆਤ ਕਰਨੀ ਪੈਣੀ ਹੈ, ਫਿਰ ਹੀ ਚੰਗੇ ਨਤੀਜਿਆਂ ਦੀ ਆਸ ਰੱਖੀ ਜਾ ਸਕਦੀ ਹੈ।ਆਗੂਆਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕਾਂ ਨੇ ਖੁਦ ਹੀ ਨਾ ਹੰਭਲੇ ਮਾਰੇ ਤਾਂ ਹੌਲੀ-ਹੋਲੀ ਸਰਕਾਰੀ ਸਕੂਲਾਂ ਦੀਆਂ ਅਸਾਮੀਆਂ ਦਾ ਭੋਗ ਪੈ ਜਾਵੇਗਾ।
ਸਿੱਖਿਆ ਪ੍ਰੋਵਾਈਡਰਾਂ ਦੇ ਚੱਲੇ ਹੱਕੀ ਸੰਘਰਸ਼ ਦੌਰਾਨ 15 ਦਿਨ ਮਰਨ ਵਰਤ ‘ਤੇ ਬੈਠਣ ਵਾਲੀ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਦੀ ਇੰਚਾਰਜ ਪਰਮਜੀਤ ਕੌਰ ਨੇ ਨਾ ਸਿਰਫ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਨੂੰ ਸਮਾਰਟ ਸਕੂਲ ਬਣਾਇਆ ਹੈ, ਸਗੋਂ ਦਲੇਲ ਵਾਲਾ ਦੇ ਪ੍ਰਾਇਮਰੀ ਸਕੂਲ ਵਿਖੇ ਆਪਣੇ ਬੱਚੇ ਦੀਪਇੰਦਰ ਸਿੰਘ ਮਾਨ ਨੂੰ ਦਾਖ਼ਲ ਕਰਵਾਕੇ ਮਾਣ ਮਹਿਸੂਸ ਕੀਤਾ ਹੈ। ਉਨ੍ਹਾਂ ਦਾ ਪਤੀ ਗੁਰਪ੍ਰੀਤ ਸਿੰਘ ਜੋ ਅੱਜਕਲ੍ਹ ਸਰਕਾਰੀ ਸੈਕੰਡਰੀ ਸਕੂਲ ਦਲੇਲਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹੈ, ਉਸ ਨੇ ਸਿੱਖਿਆ ਪ੍ਰੋਵਾਈਡਰਾਂ ਦੇ ਘੋਲ ‘ਚ ਬਥੇਰੇ ਬੈਰੀਗੇਡ ਉਖਾੜੇ ਅਤੇ ਜੇਲ੍ਹਾਂ ਦੇ ਦਰਸ਼ਨ ਕੀਤੇ। ਉਨ੍ਹਾਂ ਸਮੇਤ ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਾਕ ਪ੍ਰਧਾਨ ਪ੍ਰਭੂ ਰਾਮ ਜੋ ਸਰਕਾਰੀ ਪ੍ਰਾਇਮਰੀ ਸਕੂਲ ਕਰੰਡੀ ਵਿਖੇ ਪੜ੍ਹਾ ਰਹੇ ਨੇ, ਉਨ੍ਹਾਂ ਦਾ ਇੱਕ ਬੱਚਾ ਵਿਵੇਕ ਸਰਕਾਰੀ ਪ੍ਰਾਇਮਰੀ ਸਕੂਲ ਕਰੰਡੀ ਤੋਂ ਪੰਜਵੀਂ ਕਰਕੇ ਨਵੋਦਿਆ ਸਕੂਲ ਵਿਖੇ ਸੱਤਵੀਂ ਕਲਾਸ ਚ ਪੜ੍ਹ ਰਿਹਾ, ਜਦੋਂ ਕਿ ਦੂਜਾ ਅਮਨਦੀਪ ਤੀਸਰੀ ਕਲਾਸ ‘ਚ ਕਰੰਡੀ ਵਿਖੇ ਹੀ ਪੜ੍ਹ ਰਿਹਾ ਹੈ। ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਾਖਾ ਅਤੇ ਬਲਵਿੰਦਰ ਉਲਕ ਦੇ ਵੀਂ ਦੋਨੇ ਬੱਚੇ ਮੀਆਂ ਅਤੇ ਬਾਜੇਵਾਲਾ ਦੇ ਸਰਕਾਰੀ ਸਕੂਲ ਤੋਂ ਬਾਰਵੀਂ ਕਲਾਸਾਂ ਪਾਸ ਕਰਕੇ ਗਏ ਹਨ।
ਅਧਿਆਪਕ ਆਗੂ ਰਾਮਨਾਥ ਧੀਰਾ ਜਿਸ ਨੇ ਆਪਣੇ ਪੁੱਤਰ ਫਤਹਿਵੀਰ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਘਰਾਗਣਾਂ ਵਿਖੇ ਪੰਜਵੀਂ ਕਲਾਸ ‘ਚ ਦਾਖ਼ਲ ਕਰਵਾਕੇ ਹੋਰਨਾਂ ਅਧਿਆਪਕਾਂ ਨੂੰ ਵੀ ਅਪਣੇ ਬੱਚੇ ਸਰਕਾਰੀ ਸਕੂਲਾਂ ਚ ਦਾਖਲ ਕਰਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਿੱਖਿਆ ਪ੍ਰੋਵਾਈਡਰਾਂ ਦੇ ਘੋਲ ‘ਚ ਅਨੇਕਾਂ ਤਕਲੀਫਾਂ ਝੱਲਣ ਵਾਲੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਗੜੱਦੀ ਦਾ ਪੁੱਤਰ ਸਰਤਾਜ ਸਿੰਘ ਗੜੱਦੀ ਦੇ ਹਾਈ ਸਕੂਲ ਚ ਅੱਠਵੀਂ ਕਲਾਸ ਚ ਪੜ੍ਹ ਰਿਹਾ ਹੈ। ਇਸ ਤੋਂ ਇਲਾਵਾ ਸੰਘਰਸ਼ੀਲ ਅਧਿਆਪਕ ਆਗੂ ਲਖਵਿੰਦਰ ਕੌਰ ‘ਖੁਸ਼ੀ’ ਜਿਸ ਨੇ ਹਰ ਧਰਨੇ ਮੁਜ਼ਾਰਿਆਂ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਵਿਖੇ ਏ ਆਈ ਈ ਵਲੰਟੀਅਰ ਵਜੋਂ ਸੇਵਾ ਨਿਭਾ ਰਹੀ ਹੈ, ਇਸ ਨੇ ਆਪਣੀ ਬੇਟੀ ਅੰਜਲੀ ਸੈਕੰਡਰੀ ਸਕੂਲ ਦਾਤੇਵਾਸ ਵਿਖੇ ਸੱਤਵੀਂ ਕਲਾਸ ਵਿੱਚ ਲਗਾਈ ਹੈ। ਮਾਨਸਾ ਜ਼ਿਲ੍ਹੇ ਵਿੱਚ ਅਧਿਆਪਕ ਆਗੂ ਮੇਲਾ ਸਿੰਘ ਝੰਡੂਕੇ, ਬੇਅੰਤ ਕੌਰ ਸਰਦੂਲਗੜ੍ਹ, ਸੈਂਟਰ ਹੈੱਡ ਟੀਚਰ ਹਰਫੂਲ ਸਿੰਘ ਬੋਹਾ, ਕਰੀਪੁਰ ਡੁੰਮ ਦੇ ਹੈੱਡ ਟੀਚਰ ਬੰਸੀ ਲਾਲ, ਇੰਦਰਜੀਤ ਕੌਰ ਧਿੰਗੜ੍ਹ, ਕੁਲਦੀਪ ਸਿੰਘ, ਵੀਰਪਾਲ ਕੌਰ ਭਗਵਾਨਪੁਰ ਹੀਂਗਣਾ, ਜਸਵੰਤ ਰਾਏ ਭੱਲਣਵਾੜਾ, ਅੰਮ੍ਰਿਤਪਾਲ ਸਿੰਘ ਹੈਡ ਟੀਚਰ ਧਲੇਵਾਂ, ਮਨਦੀਪ ਕੌਰ ਹੈੱਡ ਟੀਚਰ ਹਮੀਰਗੜ੍ਹ ਢੈਪਈ, ਗੀਤਾ ਬਾਲਾ ਹੋਡਲਾ ਕਲਾਂ, ਸੰਤੋਖ ਸਿੰਘ ਗੁਰਨੇ ਖੁਰਦ, ਕਿਰਨਦੀਪ ਕੌਰ ਰੋੜਕੀ, ਚਰਨਜੀਤ ਕੌਰ ਕਾਹਨੇਵਾਲਾ, ਜਗਸੀਰ ਸਿੰਘ ਕੋਟਲੱਲੂ, ਰਾਜ ਕੁਮਾਰੀ ਸਰਦੂਲਗੜ੍ਹ, ਅਮਰੀਕ ਸਿੰਘ ਮੀਆਂ, ਹੈਰੀ ਸਿੰਘ ਲਖਵੀਰਵਾਲਾ ,ਹੈੱਡ ਟੀਚਰ ਜਸਵਿੰਦਰ ਚੰਨੀ,ਕਿਰਨਜੋਤ ਕੌਰ, ਮੈਡਮ ਮਹਿੰਦਰ ਕੌਰ ਈਟੀਟੀ ਅਤੇ ਜਸਵੰਤ ਸਿੰਘ ਆਰਟ ਐਂਡ ਕਰਾਫਟ ਅਧਿਆਪਕ ਜੋ ਕਿ ਭਾਦੜਾ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ ਇਹਨਾਂ ਨੇ ਆਪਣਾ ਬੇਟਾ ਅਰਸ਼ਦੀਪ ਸਿੰਘ ਅਤੇ ਹੋਰ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ। ਉੱਧਰ ਮਾਨਸਾ ਜ਼ਿਲ੍ਹੇ ਵਿੱਚ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ ਨੇ ਕਿਹਾ ਕਿ ਵਿਭਾਗ ਨੂੰ ਅਜਿਹੇ ਅਧਿਆਪਕਾਂ ਤੇ ਮਾਣ ਹੈ।