ਸੰਗਰੂਰ 12,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਘੱਗਰ ਨਦੀ ਵਿੱਚ ਹਿਮਾਚਲ ਵੱਲੋਂ ਬਰਸਾਤੀ ਪਾਣੀ ਆਉਂਦਾ ਹੈ। ਬਰਸਾਤਾਂ ਦੇ ਸਮੇਂ ਹਿਮਾਚਲ ਦਾ ਪਾਣੀ ਇਸ ਨਦੀ ਤੋਂ ਵਗਦਾ ਹੋਇਆ ਅੱਗੇ ਜਾਂਦਾ ਹੈ ਪਰ ਪੰਜਾਬ ਦੇ ਲੋਕਾਂ ਲਈ ਇਹ ਨਦੀ ਕਿਸੇ ਸ਼ਰਾਪ ਤੋਂ ਘੱਟ ਨਹੀਂ ਜਾਪਦੀ।
ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਮੂਨਕ ਇਲਾਕੇ ਦੇ ਲੋਕਾਂ ਨੂੰ ਇਸ ਨਦੀ ਕਾਰਨ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਦੋਂ ਬਰਸਾਤਾਂ ਹੁੰਦੀਆਂ ਹਨ ਤਾਂ ਹਿਮਾਚਲ ਤੋਂ ਤੇਜ ਵਗਦਾ ਹੋਇਆ ਪਾਣੀ ਇਸ ਦੇ ਕਿਨਾਰਿਆਂ ਨੂੰ ਤੋੜ ਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੰਦਾ ਹੈ ਤੇ ਲੋਕਾਂ ਦੇ ਘਰ ਵੀ ਖਰਾਬ ਹੋ ਜਾਂਦੇ ਹਨ। ਦੂਜਾ ਇਸ ਦੇ ਪਾਣੀ ‘ਚ ਘੁਲਿਆ ਫੈਕਟਰੀਆਂ ਦਾ ਜ਼ਹਿਰ ਪਿੰਡ ਦੇ ਲੋਕਾਂ ਦੀ ਜਿੰਦਗੀ ਨਰਕ ਨਾਲੋਂ ਵੀ ਭੈੜਾ ਬਣਾ ਰਿਹਾ ਹੈ। ਲੋਕ ਬੀਮਾਰ ਪੈ ਰਹੇ ਹਨ, ਮੌਤਾਂ ਹੋ ਰਹੀਆਂ ਹਨ ਪਰ ਕਿਸੇ ਦਾ ਇਸ ਵੱਲ ਕੋਈ ਧਿਆਨ ਨਹੀਂ।
ਨਦੀ ਦੇ ਕੰਢੇ ਵੱਸੇ ਇੱਕ ਦਰਜਨ ਦੇ ਕਰੀਬ ਪਿੰਡਾਂ ਦਾ ਅਜਿਹਾ ਹੀ ਹਾਲ ਹੈ। ਹਰ ਦੋ ਘਰ ਛੱਡ ਕੇ ਤੀਸਰੇ ਘਰ ਵਿੱਚ ਭਿਆਨਕ ਬੀਮਾਰੀਆਂ ਨੇ ਦਸਤਕ ਦਿੱਤੀ ਹੋਈ ਹੈ ਜਿਸ ਵਿੱਚ ਕੈਂਸਰ, ਕਾਲ਼ਾ ਪੀਲੀਆ, ਕਿਡਨੀ ਦੀਆਂ ਬੀਮਾਰੀਆਂ ਸ਼ਾਮਲ ਹਨ। ਕਈ ਘਰ ਤਾਂ ਅਜਿਹੇ ਹਨ ਜਿਨ੍ਹਾਂ ਵਿੱਚ ਤਿੰਨ ਤਿੰਨ ਪਰਿਵਾਰ ਦੇ ਮੈਬਰਾਂ ਦੀ ਇਸ ਭਿਆਨਕ ਬੀਮਾਰੀਆਂ ਦੇ ਚੱਲਦੇ ਪਿਛਲੇ ਕੁਝ ਸਾਲਾਂ ਵਿੱਚ ਮੌਤਾਂ ਹੋ ਚੁੱਕੀਆਂ ਹਨ।
ਇੰਨਾ ਹੀ ਨਹੀਂ ਜਦੋਂ ਤੇਜ ਹਵਾਵਾਂ ਚੱਲਦੀਆਂ ਹਨ ਤਾਂ ਇਸ ਦੇ ਜਹਰੀਲੇ ਪਾਣੀ ਤੋਂ ਨਿਕਲਦੀ ਬਦਬੂ ਪਿੰਡ ਵਿੱਚ ਇੰਨੀ ਜ਼ਿਆਦਾ ਫੈਲਦੀ ਹੈ ਕਿ ਰਹਿਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਦੂਜੇ ਪਾਸੇ ਇਸ ਮਸਲੇ ਨੂੰ ਲੈ ਕੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਨੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਤੇ ਪਾਲਿਊਸ਼ਨ ਕੰਟਰੋਲ ਬੋਰਡ ਦੇ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ।
ਉਨ੍ਹਾਂ ਨੇ ਘੱਗਰ ਨਦੀ ਵਿੱਚ ਜਹਰੀਲਾ ਕਾਲੇ ਰੰਗ ਦਾ ਪਾਣੀ ਪਾਉਣ ਵਾਲੇ ਲੋਕਾਂ ਉੱਤੇ ਕਾਰਵਾਈ ਦੀ ਗੱਲ ਆਖੀ ਤੇ ਨਾਲ ਹੀ ਕਿਹਾ ਕਿ ਇਸ ਵਿੱਚ ਪਾਣੀ ਦੀ ਐਂਟਰੀ ਬੰਦ ਕੀਤੀ ਜਾਵੇ। ਵਿਧਾਇਕ ਨੇ ਦੱਸਿਆ ਕਿ 80% ਲੋਕ ਪਿੰਡ ਵਿੱਚ ਬੀਮਾਰ ਹਨ। ਜਿਆਦਾਤਰ ਲੋਕਾਂ ਨੂੰ ਕਿਡਨੀ, ਕਾਲ਼ਾ ਪੀਲਿਆ ਤੇ ਕੈਂਸਰ ਵਰਗੇ ਭਿਆਨਕ ਰੋਗ ਹਨ ਜੋ ਇਸ ਘੱਗਰ ਨਦੀ ਵਿੱਚ ਰੁੜ੍ਹਨ ਵਾਲੇ ਜਹਿਰੀਲੇ ਕੈਮਿਕਲ ਵਾਲੇ ਪਾਣੀ ਦੇ ਚਲਦੇ ਹੋ ਰਹੀਆਂ ਹਨ।