*ਸੰਗਰੂਰ ‘ਚ ਹਜ਼ਾਰਾਂ ਏਕੜ ਕਣਕ ਅੱਗ ਨਾਲ ਸੜ੍ਹ ਕੇ ਸੁਆਹ, ਕਈ ਪਿੰਡਾਂ ਦੀ ਫਸਲ ਨੂੰ ਲਿਆ ਚਪੇਟ ‘ਚ*

0
72

ਸੰਗਰੂਰ 15ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਕਣਕ ਦੀ ਫਸਲ ਅੱਜ ਕੱਲ੍ਹ ਪੱਕ ਕੇ ਤਿਆਰ ਹੈ। ਇਸ ਦੇ ਨਾਲ ਹੀ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੰਗਰੂਰ ਦੇ ਭਵਾਨੀਗੜ ਖੇਤਰ ਵਿੱਚ ਕਾਕੜਾ ਪਿੰਡ ਤੋਂ ਲੱਗੀ ਅੱਗ ਨੇ ਕਈ ਪਿੰਡਾਂ ਦੀ ਕਣਕ ਦੀ ਫਸਲ ਨੂੰ ਆਪਣੀ ਚਪੇਟ ‘ਚ ਲੈ ਲਿਆ। ਕਿਸਾਨਾਂ ਦੀਆਂ ਨਜ਼ਰਾਂ ਸਾਹਮਣੇ ਖੇਤਾਂ ਵਿੱਚ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ। ਅੱਗ ਪਿੰਡ ਤੋਂ 3 ਕਿਲੋਮੀਟਰ ਦੂਰ, ਬਖੋਪੀਰ ਪਿੰਡ ਜਾ ਪਹੁੰਚੀ। ਕਿਸਾਨ, ਬਜ਼ੁਰਗ ਤੇ ਬੱਚੇ ਹਰ ਇੱਕ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਸਭ ਕੁਝ ਬੇਅਸਰ ਸਾਬਿਤ ਹੋਇਆ। ਅੱਗ ਦੀਆਂ ਲਾਟਾਂ ਦੂਰ-ਦੂਰ ਤੱਕ ਦਿੱਖ ਰਹੀਆਂ ਸੀ।

ਫਾਇਰ ਬ੍ਰਿਗੇਡ ਤਾਂ ਆਈ ਪਰ 1 ਘੰਟੇ ਦੀ ਦੇਰੀ ਤੋਂ ਬਾਅਦ, ਉਸ ਸਮੇਂ ਤੱਕ ਕਿਸਾਨਾਂ ਦੇ ਅਨੁਸਾਰ, ਉਨ੍ਹਾਂ ਦਾ ਇਕ ਹਜ਼ਾਰ ਏਕੜ ਤੋਂ ਵੀ ਵੱਧ ਦਾ ਨੁਕਸਾਨ ਹੋ ਚੁੱਕਿਆ ਸੀ। ਅੱਗ ਨੇ 3 ਕਿਲੋਮੀਟਰ ਤੱਕ ਖੇਤਾਂ ‘ਚ ਖੜ੍ਹੀ ਕਣਕ ਨੂੰ ਆਪਣੀ ਚਪੇਟ ‘ਚ ਲੈ ਲਿਆ। ਜੋ ਕੁਝ ਕਿਸਾਨਾਂ ਦੇ ਹੱਥ ਲੱਗਿਆ, ਉਨ੍ਹਾਂ ਨੇ ਉਸ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੋਈ ਆਪਣੇ ਘਰੋਂ ਟਰੈਕਟਰ ਲੈ ਕੇ ਆਇਆ, ਤਾਂ ਕਿਸੇ ਨੇ ਟਰੈਕਟਰ ਦੇ ਪਿਛਲੇ ਪਾਸੇ ਪਾਣੀ ਦੇ ਟੈਂਕਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਉਥੇ ਮੌਜੂਦ ਲੋਕ ਰੁੱਖਾਂ ਦੀਆਂ ਟਾਹਣੀਆਂ ਨਾਲ ਅੱਗ ਬੁਝਾਉਂਦੇ ਦਿਖਾਈ ਦਿੱਤੇ।

ਕਿਸਾਨਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਪਰ ਉਹ ਇਕ ਘੰਟੇ ਦੀ ਦੇਰੀ ਤੋਂ ਬਾਅਦ ਆਈ। ਉਦੋਂ ਤਕ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ। ਆਸ ਪਾਸ ਦੇ ਪਿੰਡਾਂ ਦੇ ਕਿਸਾਨ ਅੱਗ ਬੁਝਾਉਣ ‘ਚ ਲੱਗੇ ਰਹੇ, ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ। ਅੱਗ ਕਾਰਨ ਸੈਂਕੜੇ ਏਕੜ ਨਹੀਂ ਸਗੋਂ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ। ਜਿਸਦਾ ਮੁਆਇਨਾ ਹੋਣ ‘ਤੇ ਹੀ ਪਤਾ ਲੱਗ ਸਕੇਗਾ। ਇੱਕ ਚੰਗਿਆੜੀ ਨੇ ਸਭ ਕੁਝ ਬਰਬਾਦ ਕਰ ਦਿੱਤਾ।

LEAVE A REPLY

Please enter your comment!
Please enter your name here