ਮਾਨਸਾ, 08 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਸੰਕੇਤਕ ਭਾਸ਼ਾ ਸੁਣਨ ਤੇ ਬੋਲਣ ਤੋਂ ਅਸਮਰੱਥ ਵਿਅਕਤੀਆਂ ਦੁਆਰਾ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਹਾਈ ਹੈ, ਜਿਸ ਰਾਹੀਂ ਉਹ ਆਪਣੇ ਨਜ਼ਦੀਕੀਆਂ ਨਾਲ ਆਪਣੀ ਗੱਲਬਾਤ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਜਿਸ ਤਰ੍ਹਾਂ ਆਮ ਵਿਅਕਤੀਆਂ ਦੀ ਜ਼ਿੰਦਗੀ ਵਿਚ ਵੱਖ ਵੱਖ ਖਿੱਤੇ ਅਨੁਸਾਰ ਬੋਲੀ ਦਾ ਅਹਿਮ ਰੋਲ ਹੈ ਉਸੇ ਤਰ੍ਹਾਂ ਬੋਲਣ ਤੇ ਸੁਣਨ ਤੋਂ ਅਸਮਰਥ ਵਿਅਕਤੀਆਂ ਲਈ ਸੰਕੇਤਕ ਭਾਸ਼ਾ ਅਹਿਮ ਯੋਗਦਾਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਵਿਅਕਤੀਆਂ ਨਾਲ ਅਪਣੱਤ ਤੇ ਸਹਿਯੋਗ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਵਿਚਰਦਿਆਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਪਣ ਮਹਿਸੂਸ ਨਾ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਸੁਣਨ ਬੋਲਣ ਤੋਂ ਅਸਮਰੱਥ ਵਿਅਕਤੀਆਂ ਦੀ ਸੰਕੇਤਕ ਭਾਸ਼ਾ ਦਾ ਹਰ ਵਿਅਕਤੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਗਿਆਨ ਹੋਣਾ ਜ਼ਰੂਰੀ ਹੈ ਤਾਂ ਜੋ ਗੂੰਗੇ ਅਤੇ ਬੋਲੇ ਬੱਚਿਆਂ/ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਜਾ ਸਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਆਮ ਵਿਅਕਤੀ ਵੀ ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਿਆਂ ਦੀਆਂ ਮੁਸ਼ਿਕਲਾਂ ਨੂੰ ਸਮਝ ਸਕਣ ਅਤੇ ਉਨ੍ਹਾਂ ਦਾ ਹੱਲ ਕਰ ਸਕਣ।
ਸੈਮੀਨਾਰ ਦੌਰਾਨ ਸਹਿਯੋਗ ਸਕੂਲ ਆਫ ਸਪੈਸ਼ਲ ਐਜੂਕੇਸ਼ਨ, ਥਲੇਸਾ ਸੰਗਰੂਰ ਵੱਲੋ ਸੰਕੇਤਕ ਭਾਸ਼ਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਿਆਂ, ਜਿੰਨ੍ਹਾਂ ਵੱਲੋ ਵਿਸ਼ੇਸ ਉਪਲੱਬਧੀਆਂ ਕੀਤੀਆਂ ਗਈਆਂ ਹਨ, ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਅਖੀਰ ਵਿੱਚ ਭਾਰਤੀ ਸੰਕੇਤਕ ਭਾਸ਼ਾ ਸਿੱਖਣ ਸਬੰਧੀ ਸਹੁੰ ਚੁਕਵਾਈ ਗਈ ਅਤੇ ਸਹਿਯੋਗ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋ ਸੰਕੇਤਕ ਭਾਸ਼ਾ ਵਿੱਚ ਕੌਮੀ ਗੀਤ ਵੀ ਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਬੜਿੰਗ ਅਤੇ ਸਮੂਹ ਸਟਾਫ, ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ।