-ਸੰਕਟ ਦੀ ਘੜੀ ਵਿਚ ਕਿਰਾਏਦਾਰਾਂ ‘ਤੇ ਕਿਰਾਇਆ ਲੈਣ ਲਈ ਦਬਾਅ ਨਾ ਪਾਉਣ ਮਕਾਨ ਮਾਲਕ: ਡਿਪਟੀ ਕਮਿਸ਼ਨਰ

0
39

ਮਾਨਸਾ, 06 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਕਰਫਿਊ ਲਗਾਇਆ ਗਿਆ ਹੈ ਜੋ ਕਿ ਲਗਾਤਾਰ ਜਾਰੀ ਹੈ। ਲੋਕਾਂ ਦੇ ਘਰੋਂ ਬਾਹਰ ਨਿੱਕਲਣ ਤੇ ਪਾਬੰਦੀ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ।  ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਬਹੁਤੇ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਜਿੰਨ੍ਹਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ। ਅਜਿਹੇ ਸਮੇਂ ਵਿਚ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਨੇ ਆਪਣੇ ਮਕਾਨ ਕਿਰਾਏ ਤੇ ਦਿੱਤੇ ਹੋਏ ਹਨ, ਉਹ ਆਪਣੇ ਕਿਰਾਏਦਾਰਾਂ ਨਾਲ ਇਸ ਸੰਕਟ ਦੀ ਘੜੀ ਵਿਚ ਸਹਿਯੋਗ ਕਰਨ, ਉਨ੍ਹਾਂ ‘ਤੇ ਕਿਰਾਇਆ ਲੈਣ ਲਈ ਕਿਸੇ ਕਿਸਮ ਦਾ ਦਬਾਅ ਨਾ ਪਾਉਣ ਅਤੇ ਜੇਕਰ ਕੋਈ ਕਿਰਾਏਦਾਰ ਇਸ ਦੁੱਖ ਦੀ ਘੜੀ ਵਿਚ ਕਿਰਾਇਆ ਦੇਣ ਵਿਚ ਅਸਮਰਥ ਹੈ ਤਾਂ ਉਨ੍ਹਾਂ ‘ਤੇ ਘਰ ਛੱਡਣ ਲਈ ਵੀ ਦਬਾਅ ਨਾ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਲੋਕਾਂ ਨੂੰ ਇਨਸਾਨੀਅਤ ਦੇ ਨਾਮ ਤੇ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਸ਼ਲਾਘਾ ਕੀਤੀ ਕਿ ਕੁਝ ਲੋਕਾਂ, ਸੰਸਥਾਵਾਂ ਵੱਲੋਂ ਲੋੜਵੰਦਾਂ ਲਈ ਰੋਜ਼ਾਨਾ ਖਾਣਿਆਂ ਦੇ ਭੰਡਾਰ ਤਿਆਰ ਕੀਤੇ ਜਾ ਰਹੇ ਹਨ ਅਤੇ ਵੱਡੀ ਮਾਤਰਾ ਵਿਚ ਖਾਣ ਦਾ ਸਮਾਨ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸੇ ਤਰਾਂ ਮਕਾਨ ਮਾਲਕ ਆਪਣੇ ਕਿਰਾਏਦਾਰਾਂ ‘ਤੇ ਕਰਫਿਊ ਦੇ ਹਾਲਾਤਾਂ ਵਿਚ ਕਿਰਾਏ ਸਬੰਧੀ ਕਿਸੇ ਕਿਸਮ ਦਾ ਦਬਾਅ ਜਾਂ ਉਨ੍ਹਾਂ ਨੂੰ ਘਰ ਛੱਡਣ ਲਈ ਨਾ ਕਹਿਣ। ਉਨ੍ਹਾਂ ਕਿਹਾ ਕਿ ਇਸ ਘੜੀ ਵਿਚ ਸਾਨੂੰ ਸਭ ਨੂੰ ਇਕ ਦੂਜੇ ਦਾ ਸਾਥ ਦੇਣ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here