ਬਰੇਟਾ 03 ਜਨਵਰੀ (ਸਾਰਾ ਯਹਾ /ਰੀਤਵਾਲ) : ਬੇਸ਼ੱਕ ਸਰਕਾਰ ਵੱਲੋਂ ਸਵੱਛ ਭਾਰਤ ਅਭਿਆਨ ਦੇ ਤਹਿਤ ਲੱਖਾ
ਰੁਪਿਆ ਖਰਚ ਕਰਕੇ ਸ਼ਹਿਰ ਨੂੰ ਸਾਫ਼ ,ਸੁਥਰਾ ਬਣਾਉਣ ਦੇ ਦਾਅਵੇ ਅਤੇ ਵਾਅਦੇ ਕੀਤੇ
ਜਾ ਰਹੇ ਹਨ ਪਰ ਦੂਜੇ ਪਾਸੇ ਸੀਵਰੇਜ਼ ਵਿਭਾਗ ਵੱਲੋਂ ਪੁਲਿਸ ਸਟੇਸ਼ਨ ਵੱਲ ਜਾਣ ਵਾਲੀ ਸੜਕ ਤੇ
ਸੀਵਰੇਜ਼ ਦੀ ਸਫਾਈ ਦੌਰਾਨ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁੱਕਣ ਦੀ ਬਜਾਏ ਸੜਕ
ਤੇ ਹੀ ਕੱਢਿਆ ਜਾ ਰਿਹਾ ਹੈ । ਜਿਸ ਨਾਲ ਫੈਲ ਰਹੀ ਗੰਦਗੀ ਸਰਕਾਰ ਦੇ ਦਾਅਵਿਆਂ ਅਤੇ
ਵਾਅਦਿਆਂ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ । ਇਸ ਗੰਦਗੀ ਦੇ ਕਾਰਨ ਦੁਕਾਨਦਾਰਾਂ
ਅਤੇ ਰਾਹਗਿਰਾਂ ਨੂੰ ਆਪਣੇ ਨੱਕ ਤੇ ਰੁਮਾਲ ਜਾਂ ਨੱਕ ਨੂੰ ਢੱਕ ਕੇ ਜਾਣਾ ਪੈ ਰਿਹਾ
ਹੈ ਅਤੇ ਇਹ ਗੰਦਗੀ ਵਹੀਕਲਾਂ ਦੇ ਟਾਇਰਾਂ ਨਾਲ ਲੱਗਕੇ ਦੂਰ ਦੂਰ ਤੱਕ ਫੈਲਦੀ ਹੈ ।
ਹੈਰਾਨੀਜਨਕ ਗੱਲ ਇਹ ਹੈ ਕਿ ਲੋਕਾਂ ਵੱਲੋਂ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੂੰ
ਸਫਾਈ ਦੌਰਾਨ ਸੜਕਾਂ ਤੇ ਗੰਦਗੀ ਨਾ ਫੈਲਾਉਣ ਲਈ ਅਨੇਕਾਂ ਵਾਰ ਕਹਿਣ ਤੇ ਵੀ
ਉਹ ਟੱਸ ਤੋਂ ਮੱਸ ਨਹੀਂ ਹੋ ਰਹੇ ਹਨ । ਜਿਸਨੂੰ ਦੇਖਕੇ ਇੰਝ ਜਾਪਦਾ ਹੈ ਜਿਵੇਂ ਕਿ
ਸੀਵਰੇਜ਼ ਵਿਭਾਗ ਨੇ ਸੜਕਾਂ ਤੇ ਗੰਦਗੀ ਫੈਲਾਉਣ ਦਾ ਠੇਕਾ ਲੈ ਲਿਆ ਹੋਵੇ ।
ਸਮਾਜਸੇਵੀ ਲੋਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਦੇ ਕਾਰਨ ਭਾਰੀ ਗੰਦਗੀ
ਫੈਲੀ ਹੋਈ ਹੈ । ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਅਤੇ
ਸਵੱਛ ਭਾਰਤ ਅਭਿਆਨ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ । ਸ਼ਹਿਰ ਵਾਸੀਆਂ ਦੀ ਮੰਗ ਹੈ
ਕਿ ਸੜਕ ਤੇ ਸੁੱਟੇ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ । ਜਦ ਇਸ
ਸਬੰਧੀ ਸੀਵਰੇਜ਼ ਵਿਭਾਗ ਦੇ ਜੇ.ਈ.ਰਮਨੀਕ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ
ਗੰਦਗੀ ਦੇ ਢੇਰਾਂ ਨੂੰ ਜਲਦ ਹੀ ਚੁਕਵਾ ਦਿੱਤਾ ਜਾਵੇਗਾ ।ਹੁਣ ਦੇਖਣਾ ਇਹ ਹੈ ਕਿ
ਸੀਵਰੇਜ਼ ਵਿਭਾਗ ਉਕਤ ਮਾਮਲੇ ਨੂੰ ਸੱਚਮੁਚ ਗੰਭੀਰਤਾਂ ਨਾਲ ਲੈਂਦਾ ਹੈ ਜਾਂ ਫਿਰ ਸ਼ਹਿਰ
ਨਿਵਾਸੀਆਂ ਅਤੇ ਰਾਹਗੀਰਾਂ ਨੂੰ ਇਸੇ ਤਰ੍ਹਾਂ ਗੰਦਗੀ ਨਾਲ ਦੋ ਚਾਰ ਹੁੰਦਾ ਰਹਿਣਾ
ਪਵੇਗਾ ।