
ਬੁਢਲਾਡਾ, 09 ਅਗਸਤ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਸ਼ਹਿਰ ਦੇ ਬਸ ਸਟੈਂਡ ਤੋਂ ਕਾਲਜ ਰੋਡ ਸੜਕ ਦੇ ਚੁਰਾਹੇ ਨਾਲੇ ਤੇ ਬਣਿਆ ਖੱਡਾ ਕਿਸੇ ਵੀ ਸਮੇਂ ਹਾਦਸੇ ਨੂੰ ਅੰਜਾਮ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਵਾਟਰ ਐਂਡ ਸੀਵਰੇਜ ਦੇ ਅਧਿਕਾਰੀਆਂ ਵੱਲੋਂ ਕੰਮ ਕਰਨ ਲਈ ਇਹ ਖੱਡਾ ਪੁੱਟਿਆ ਗਿਆ ਸੀ ਜਿਸ ਉੱਤੇ ਅੱਠ ਦਸ ਦਿਨ ਕੰਮ ਕਰਨ ਉਪਰੰਤ ਅਧਿਕਾਰੀ ਖਾਨਾ ਪੂਰਤੀ ਕਰਦੇ ਇਸ ਨੂੰ ਬੰਦ ਕਰਕੇ ਚਲੇ ਗਏ ਜਦੋਂ ਕਿ ਇਹ ਖੱਡਾ ਅਜੇ ਵੀ ਸੜਕ ਕਿਨਾਰੇ ਅਧੂਰਾ ਪਿਆ ਹੈ ਜਿਸ ਨਾਲ ਜਿੱਥੇ ਕਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਉਥੇ ਹੀ ਨਾਲ ਲੱਗਦੇ ਘਰ ਦੀਆਂ ਦੀਵਾਰਾਂ ਵੀ ਡਿੱਗਣ ਕਾਰਨ ਨੁਕਸਾਨ ਹੋ ਸਕਦਾ ਹੈ। ਆਸ ਪਾਸ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਖੱਡੇ ਦੇ ਵਿੱਚ ਦੀ ਹੋ ਕੇ ਦੋ ਪਾਸਿਓਂ ਨਾਲੀਆਂ ਦੇ ਪਾਣੀ ਦੀ ਨਿਕਾਸੀ ਨਿਕਲਦੀ ਹੈ ਪਰ ਅੱਜ ਤੱਕ ਨਗਰ ਕੌਂਸਲ ਨੇ ਉਚਿਤ ਢੰਗ ਨਾਲ ਪਾਈਪਾਂ ਪਾ ਕੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਦਾ ਸਮਾਧਨ ਨਹੀਂ ਕੀਤਾ ਗਿਆ ਅਤੇ ਸਾਈਡ ਤੇ ਟਾਈਲਾਂ ਲਗਾਉਂਦੇ ਸਮੇਂ ਵੀ ਇਸਨੂੰ ਅਧੂਰਾ ਛੱਡ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਚੁਰਾਹੇ ਵਿੱਚ ਇਸ ਖੱਡੇ ਨੂੰ ਸਹੀ ਢੰਗ ਨਾਲ ਪਾਈਪਾਂ ਪਾ ਕੇ ਪੁਰ ਕੀਤਾ ਜਾਵੇ। ਜਦੋਂ ਇਸ ਸਬੰਧੀ ਸੀਵਰੇਜ ਦੇ ਜੇਈ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਤਾਂ ਆਪਣਾ ਕੰਮ ਕਰ ਦਿੱਤਾ ਹੈ ਬਾਕੀ ਰਹਿੰਦਾ ਕੰਮ ਨਗਰ ਕੌਂਸਲ ਦਾ ਹੈ। ਜਦੋਂ ਨਗਰ ਕੌਂਸਲ ਕਾਰਜ ਸਾਧਕ ਅਫਸਰ ਰਾਜੀਵ ਓਬਰਾਏ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਖੱਡਾ ਪੁੱਟਣ ਵਾਲਿਆਂ ਦੀ ਜਿੰਮੇਵਾਰੀ ਬਣਦੀ ਸੀ ਕਿ ਉਸ ਨੂੰ ਉਚਿੱਤ ਢੰਗ ਨਾਲ ਰੀਸਟੋਰ ਕਰਨ, ਜੋ ਕਿ ਗਲਤ ਗੱਲ ਹੈ ਇਸ ਤਰ੍ਹਾਂ ਤਾਂ ਉਹ ਸ਼ਹਿਰ ਵਿੱਚ ਖੱਡੇ ਪੁੱਟਦੇ ਜਾਣਗੇ। ਪਰ ਫਿਰ ਵੀ ਉਹਨਾਂ ਭਰੋਸਾ ਦਵਾਇਆ ਕਿ ਉਹ ਇਸ ਸਮੱਸਿਆ ਦਾ ਜਲਦ ਹੱਲ ਕਰਨਗੇ।
