
ਚੰਡੀਗੜ੍ਹ 1 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸਖ਼ਤ ਵਿਰੋਧ ਦੇ ਬਾਵਜੂਦ ਦੇਸ਼ ਭਰ ਵਿੱਚ ਜੇਈਈ ਮੇਨ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿੱਚ ਦੋ ਕੇਂਦਰ ਸਥਾਪਤ ਕੀਤੇ ਗਏ ਹਨ। ਉਦਯੋਗਿਕ ਖੇਤਰ ਫੇਜ਼ 1 ਤੇ ਫੇਜ਼ 2 ਦੇ ਕੇਂਦਰਾਂ ਵਿੱਚ 150-150 ਵਿਦਿਆਰਥੀਆਂ ਦੇ ਬੈਠਣ ਦੀ ਸਮਰੱਥਾ ਹੈ ਪਰ ਕੋਰੋਨਾਵਾਇਰਸ ਦੇ ਡਰ ਕਾਰਨ ਵਿਦਿਆਰਥੀਆਂ ਦੀ ਗਿਣਤੀ 40% ਹੈ।
ਦੱਸ ਦਈਏ ਕਿ ਇਮਤਿਹਾਨ ਦੋ ਸ਼ਿਫਟਾਂ ‘ਚ ਹੋਣਾ ਹੈ। ਇੱਕ ਸ਼ਿਫਟ ਸਵੇਰੇ ਤੇ ਦੂਜੀ ਸ਼ਾਮ ਦੀ ਤੈਅ ਕੀਤੀ ਗਈ ਹੈ। ਪਹਿਲੀ ਸ਼ਿਫਟ ਵਿੱਚ ਆਏ ਵਿਦਿਆਰਥੀਆਂ ਤੇ ਮਾਪਿਆਂ ਦੇ ਮਨਾਂ ਵਿੱਚ ਮਹਾਮਾਰੀ ਦਾ ਡਰ ਹੈ। ਇਸ ਦੇ ਨਾਲ ਹੀ ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਭਿਆਨਕ ਬਿਮਾਰੀ ਵਿਚਾਲੇ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਸੀ। ਇਸ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਸੀ। ਜਦੋਂ ਤੱਕ ਦੇਸ਼ ਵਿੱਚ ਵਾਇਰਸ ਫੈਲਣਾ ਘੱਟ ਨਹੀਂ ਹੁੰਦਾ।

ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ‘ਕੋਰੋਨਾਵਾਇਰਸ ਨਾਲ ਬੱਚਿਆਂ ਦਾ ਮਨੋਬਲ ਵੀ ਕਮਜ਼ੋਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀ ਵਾਇਰਸ ਤੋਂ ਬਚਣ ਜਾਂ ਪੇਪਰ ਦੇਣ। ਚੰਡੀਗੜ੍ਹ ਵਿੱਚ ਵਿਦਿਆਰਥੀ ਸੰਗਠਨ ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਦੇ ਵਿਰੁੱਧ ਸੀ। ਵਿਦਿਆਰਥੀ ਸੰਗਠਨ ਐਨਐਸਯੂਆਈ ਨੇ ਵੀ ਪੇਪਰ ਮੁਲਤਵੀ ਕਰਨ ਲਈ ਭੁੱਖ ਹੜਤਾਲ ਕੀਤੀ ਸੀ। ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਪੇਪਰ ਅਕਤੂਬਰ ਤੱਕ ਮੁਲਤਵੀ ਕਰ ਦੇਣਾ ਚਾਹੀਦਾ ਸੀ।
