ਅੰਮ੍ਰਿਤਸਰ 20,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਘਟਨਾ ਦੇ ਦੋਸ਼ੀ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਕਮਿਸ਼ਨਰ ਨੇ ਸ਼ਨਾਖਤ ਲਈ ਲੋਕਾਂ ਦਾ ਸਹਿਯੋਗ ਮੰਗਿਆ ਹੈ। ਪੁਲਿਸ ਕਮਿਸ਼ਨਰ ਨੇ ਖ਼ੁਦ ਦੇ ਫੋਨ ਨੰਬਰ ਉਤੇ ਸੂਚਨਾ ਦੇਣ ਦੀ ਅਪੀਲ ਕੀਤੀ ਹੈ।
ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ 18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਰਹਿਰਾਸ ਪਾਠ ਦੇ ਸਮੇਂ ਨਾਮਾਲੂਮ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬਦਨੀਅਤ ਨਾਲ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼, ਜਿਸ ਨੂੰ ਮੌਕੇ ਉਤੇ ਹਾਜ਼ਰ ਸੇਵਾਦਾਰਾਂ ਨੇ ਨਾਕਾਮ ਕਰ ਦਿੱਤਾ ਸੀ, ਦੀ ਪੁੱਛਗਿਛ ਦੌਰਾਨ ਮੌਤ ਹੋ ਗਈ ਸੀ, ਪਰ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਉਕਤ ਅਣਪਛਾਤੇ ਦੋਸ਼ੀ ਦੀ ਸ਼ਨਾਖਤ ਪੁਲਿਸ ਨਹੀਂ ਕਰ ਸਕੀ। ਨਾ ਹੀ ਉਸ ਕੋਲੋਂ ਕੋਈ ਅਜਿਹਾ ਦਸਾਤਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ, ਜਿਸ ਅਧਾਰ ਉਤੇ ਪੁਲਿਸ ਕੇਸ ਦੀ ਤੈਅ ਤੱਕ ਪੁੱਜਦੀ।
ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਲਈ ਲੋਕਾਂ ਕੋਲੋਂ ਸਹਿਯੋਗ ਲੈਣ ਦੇ ਆਸ਼ੇ ਨਾਲ ਉਕਤ ਵਿਅਕਤੀ ਦੀ ਤਸਵੀਰ ਜੋ ਕਿ ਕੰਪਲੈਕਸ ਦੇ ਵੀਡੀਓ ਕੈਮਰਿਆਂ ਨੇ ਕੈਦ ਕੀਤੀ ਸੀ, ਨੂੰ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੜਤਾਲ ਕਰਨ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਲਗਾਤਾਰ ਇਸ ਕੇਸ ਦੀ ਪੜਤਾਲ ਕਰ ਰਹੀ ਹੈ, ਪਰ ਹੁਣ ਤੱਕ ਦੀਆਂ ਕੋਸ਼ਿਸ਼ਾਂ ਵਿਚੋਂ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜੋ ਉਕਤ ਵਿਅਕਤੀ ਦੀ ਸ਼ਨਾਖਤ ਕਰਵਾ ਸਕੇ।
ਡਾ. ਗਿੱਲ ਨੇ ਦੱਸਿਆ ਕਿ ਇਸ ਨਾ ਮਾਲੂਮ ਦੋਸ਼ੀ ਖਿਲਾਫ ਮੁਕੱਦਮਾ ਨੰਬਰ 253 ਮਿਤੀ 19-12-2021 ਜੁਰਮ 295-ਏ, 307 ਆਈਪੀਸੀ ਥਾਣਾ ਈ ਡਵੀਜਨ ਵਿੱਚ ਦਰਜ ਕਰ ਲਿਆ ਗਿਆ ਹੈ ਤੇ ਇਸ ਦੋਸ਼ੀ ਦੀ ਪਹਿਚਾਣ ਲਈ ਅਤੇ ਪਰਿਵਾਰਕ ਪਿਛੋਕੜ ਦੀ ਜਾਣਕਾਰੀ ਲੈਣ ਲਈ ਦੋਸ਼ੀ ਦੀ ਫੋਟੋ ਨੂੰ ਜਨਤਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਪੁਲਿਸ ਕਮਿਸ਼ਨਰ ਦੇ ਮੋਬਾਈਲ ਨੰ: 97811-30101, 99157-01100, ਪਰਮਿੰਦਰ ਸਿੰਘ ਭੰਡਾਲ ਡੀਸੀਪੀ ਲਾਅ ਐਂਡ ਆਰਡਰ ਦੇ ਮੋਬਾਇਲ ਨੰ: 95524-00001 ਤੇ ਹਰਪਾਲ ਸਿੰਘ ਏਡੀਸੀਪੀ-3 ਦੇ ਮੋਬਾਈਲ ਨੰ: 98760-19099 ਤੇ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।