ਚੰਡੀਗੜ੍ਹ, 15 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪੁਲਿਸ ਵਿੱਚ ਨੌਕਰੀਆਂ ਸੰਬੰਧੀ ਸੋਸ਼ਲ ਮੀਡੀਆ ਉਤੇ ਪਾਏ ਜਾ ਰਹੇ ਦਸਤਾਵੇਜ਼ਾਂ ਨੂੰ ਜਾਅਲੀ ਕਰਾਰ ਦਿੰਦਿਆਂ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਸਿਪਾਹੀਆਂ ਦੀਆਂ ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਸਬੰਧੀ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ।ਬੁਲਾਰੇ ਨੇ ਦੱਸਿਆ ਕਿ ਪੁਲਿਸ ਵਿਭਾਗ ਨੇ ਆਮ ਜਨਤਾ ਨੂੰ “ਪੁਰਸ਼ ਅਤੇ ਔਰਤ ਸਿਪਾਹੀ ਭਰਤੀ – 2020 (ਜਿ਼ਲ੍ਹਾ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ)” ਨਾਂ ਹੇਠ ਛਪੇ ਇਸ਼ਤਿਹਾਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਲਈ ਕਿਹਾ ਹੈ। ਉਨ੍ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਨੂੰ ਜਾਅਲੀ ਦਸਤਾਵੇਜ਼ ਦੱਸਿਆ ਹੈ।ਬੁਲਾਰੇ ਨੇ ਕਿਹਾ ਕਿ ਇਸ ਇਸ਼ਤਿਹਾਰ ਵਿਚ ਕੋਈ ਸੱਚਾਈ ਨਹੀਂ ਹੈ, ਦਸਤਾਵੇਜ਼ ਦੇ ਇਕ ਪ੍ਰਮਾਣ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਦੇ ਪੁਰਾਣੇ ਇਸ਼ਤਿਹਾਰਾਂ ਵਿਚੋਂ ਇਕੱਤਰ ਕੀਤੀ ਸਮੱਗਰੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤੀ ਗਈ ਹੈ। ਇਸ ਤੋਂ ਇਲਾਵਾ, ਇਸ ਅਖੌਤੀ ਇਸ਼ਤਿਹਾਰ ਉਤੇ ਸੁਰੇਸ਼ ਅਰੋੜਾ, ਆਈਪੀਐਸ, ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਦੇ ਦਸਤਖਤ ਕੀਤੇ ਗਏ ਹਨ ਜਦੋਂ ਕਿ ਸੁਰੇਸ਼ ਅਰੋੜਾ 7 ਫਰਵਰੀ, 2019 ਨੂੰ ਸੇਵਾ ਮੁਕਤ ਹੋ ਗਏ ਸਨ ਅਤੇ ਹੁਣ ਉਹ ਪੰਜਾਬ ਪੁਲਿਸ ਦੀ ਅਗਵਾਈ ਨਹੀਂ ਕਰ ਰਹੇ।ਸੂਬੇ ਦੇ ਸਾਈਬਰ ਕ੍ਰਾਈਮ ਸੈੱਲ ਵਿਖੇ ਸੂਚਨਾ ਤਕਨਾਲੋਜੀ ਕਾਨੂੰਨ, 2000 ਦੀ ਧਾਰਾ 66-ਸੀ, 66-ਡੀ ਤਹਿਤ ਧੋਖਾਧੜੀ, ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਤਾਜੀਰਾਤੇ ਹਿੰਦ ਦੀ ਧਾਰਾ 420/465/468/471/120-ਬੀ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਧੋਖਾਧੜੀ, ਝੂਠੇ ਦਸਤਾਵੇਜ਼ਾਂ ਨੂੰ ਸੱਚ ਵਜੋਂ ਵਰਤਣ, ਪਛਾਣ ਦੀ ਚੋਰੀ ਅਤੇ ਕੰਪਿਊਟਰ ਸਰੋਤਾਂ ਦੀ ਵਰਤੋਂ ਕਰਕੇ ਜਿਸ ਵਿਅਕਤੀ ਵੱਲੋਂ ਧੋਖਾਧੜੀ ਕੀਤੀ ਗਈ ਹੈ ਉਸ ਸੰਬੰਧੀ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।