ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਸੋਸ਼ਲਿਸਟ ਪਾਰਟੀ ਇੰਡੀਆ ਦੇ ਆਹੁਦੇਦਾਰਾਂ ਦੀ ਇੱਕ ਮੀਟਿੰਗ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਹਰਿੰਦਰ ਮਾਨਸ਼ਾਹੀਆ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ ਤੋਂ ਇਲਾਵਾ ਸੀਨੀਅਰ ਆਗੂ ਰਜਿੰਦਰ ਕੌਰ ਦਾਨੀ,ਲੀਗਲ ਐਡਵਾਈਜ਼ਰ ਕੁਲਦੀਪ ਪਰਮਾਰ, ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਸੋਮਾ ਰਾਣੀ,ਗੁਰਜੰਟ ਸਿੰਘ ਤੂਰ,ਗੁਰਸੇਵਕ ਸਿੰਘ ਚਹਿਲ ਅਤੇ ਚਰਨਜੀਤ ਸਿੰਘ ਆਦਿ ਸ਼ਾਮਿਲ ਹੋਏ।ਮੀਟਿੰਗ ਵਿੱਚ ਬਲਰਾਜ ਸਿੰਘ ਨੰਗਲ ਵਲੋਂ ਪੇਸ਼ ਕੀਤੇ ਗਏ ਮਤੇ ਉੱਤੇ ਹਾਜ਼ਰ ਸਾਰੇ ਮੈਂਬਰਾਂ ਵਲੋਂ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅਪਮਾਨਿਤ ਕਰਨ ਲਈ ਦਿੱਤੇ ਗਏ ਬਿਆਨ ਦੀ ਪੁਰ ਜ਼ੋਰ ਨਿਖੇਧੀ ਕੀਤੀ ਗਈ ਅਤੇ ਸਿਮਰਨਜੀਤ ਸਿੰਘ ਮਾਨ ਵਲੋਂ ਤੁਰੰਤ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ।ਪੰਜਾਬ ਦੀ ਜੁਆਨੀ ਦਾ ਘਾਣ ਕਰ ਰਹੇ ਤੇ ਕੈਂਸਰ ਬਣਕੇ ਫ਼ੈਲ ਰਹੇ ਗੈਂਗਸਟਰ ਕਲਚਰ ਅਤੇ ਹਰ ਸ਼ਹਿਰ ਵਿੱਚ ਪੈਰ ਪਸਾਰੀ ਬੈਠੇ ਡਰੱਗ ਮਾਫ਼ੀਆ ਨੂੰ ਤੁਰੰਤ ਨੱਥ ਪਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ।
ਸ਼੍ਰੀ ਮਾਨਸ਼ਾਹੀਆ ਵਲੋਂ ਦੱਸਿਆ ਗਿਆ ਕਿ ਉਂਝ ਤਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਪਰ ਉਨ੍ਹਾਂ ਵਿਚੋਂ ਕੁੱਝ ਅਹਿਮ ਮੁੱਦਿਆਂ ਜਿਵੇਂ ਸੰਵਿਧਾਨ ਦੀ ਧਾਰਾ 73ਵੀਂ-74ਵੀਂ ਸੋਧ ਅਨੁਸਾਰ 29 ਮਹਿਕਮਿਆਂ ਦਾ ਪ੍ਰਬੰਧਕੀ ਕੰਟਰੋਲ ਜਿਲ੍ਹਾ ਪ੍ਰੀਸ਼ਦਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਸੌਂਪਣ,ਪੰਜਾਬੀ ਭਾਸ਼ਾ ਨੂੰ ਹਰ ਪੱਧਰ ਤੇ ਸਖ਼ਤੀ ਨਾਲ ਲਾਗੂ ਕਰਨ,ਫਿਰਕਾਪ੍ਰਸਤ ਪਾਰਟੀਆਂ ਤੇ ਪਾਬੰਦੀਆਂ ਲਗਾਉਣ ਅਤੇ ਸੋਸ਼ਲਿਸਟ ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਦੇ ਹੋਰ ਨੇਤਾਵਾਂ ਵਿਰੁੱਧ ਸੁਪਰੀਮ ਕੋਰਟ,ਦਿੱਲੀ ਹਾਈਕੋਰਟ ਅਤੇ ਸਥਾਨਕ ਅਦਾਲਤਾਂ ਵਿੱਚ ਚੱਲ ਰਹੇ ਫ਼ਰਾਡ,ਸਾਜਿਸ਼ ਅਤੇ ਮਾਨਤਾ ਰੱਦ ਕਰਵਾਉਣ ਦੇ ਕੇਸਾਂ ਦੀ ਪੈਰਵਾਈ ਕਰਨ ਆਦਿਕ ਮੁੱਦਿਆਂ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਸੱਦੇ ਤੇ ਸੋਸ਼ਲਿਸਟ ਪਾਰਟੀ ਇੰਡੀਆ ਦਾ ਵਫ਼ਦ 26 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ੍ਰ.ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਕਰ ਰਿਹਾ ਹੈ।