*ਸੋਨੀ ਵੱਲੋਂ ਨਵੇਂ ਬਣ ਰਹੇ ਸਰਕਾਰੀ ਮੈਡੀਕਲ ਕਾਲਜ਼ਾਂ ਦੇ ਨਕਸ਼ਿਆਂ ਨੂੰ ਪ੍ਰਵਾਨਗੀ*

0
14

ਚੰਡੀਗੜ੍ਹ: 10 ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਅੱਜ ਇੱਥੇ ਪੰਜਾਬ ਰਾਜ ਵਿੱਚ ਨਵੇਂ ਬਣ ਰਹੇ ਸਰਕਾਰੀ ਮੈਡੀਕਲ ਕਾਲਜਾਂ ਦੇ ਨਕਸ਼ਿਆਂ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖ਼ੋਜ਼ ਸ਼੍ਰੀ ਡੀ.ਕੇ. ਤਿਵਾੜੀ ਤੋਂ ਇਲਾਵਾ ਚੀਫ ਆਰਕੀਟੈਕਟ ਪੰਜਾਬ ਮੈਡਮ ਸਪਨਾ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।

 ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਸੋਨੀ ਨੇ ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਕਾਲਜ਼ਾਂ ਸਬੰਧੀ ਟੈਂਡਰਿੰਗ ਦੀ ਪ੍ਰਕਿਰਿਆ ਆਗਾਮੀ ਦੋ ਹਫ਼ਤਿਆਂ ਵਿੱਚ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਇਨ੍ਹਾਂ ਕਾਲਜ਼ਾਂ ਦੀਆਂ ਇਮਾਰਤਾਂ ਨੂੰ ਅਗਲੇ ਡੇਢ ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।
ਸ਼੍ਰੀ ਸੋਨੀ ਨੇ ਕਿਹਾ ਕਿ ਤਕਰੀਬਨ 1500 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਇਹ ਮੈਡੀਕਲ ਕਾਲਜ ਨਵੀਨਤਮ ਡਿਜ਼ਾਈਨ ਅਤੇ ਤਕਨਾਲੌਜੀ ‘ਤੇ ਆਧਾਰਤ ਹੋਣਗੇ। ਇਨ੍ਹਾਂ ਕਾਲਜ਼ਾਂ ਦੇ ਸ਼ੁਰੂ ਹੋਣ ਤੋਂ ਤਿੰਨ ਸਾਲ ਬਾਅਦ ਹਰ ਸਾਲ ਪੰਜਾਬ ਰਾਜ ਨੂੰ 300 ਡਾਕਟਰ ਵਾਧੂ ਮਿਲਣੇ ਸ਼ੁਰੂ ਹੋ ਜਾਣਗੇ।
ਮੀਟਿੰਗ ਦੌਰਾਨ ਚੀਫ ਆਰਕੀਟੈਕਟ ਪੰਜਾਬ ਵੱਲੋਂ ਮੁਹਾਲੀ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਬਣਾਏ ਜਾ ਰਹੇ ਸਰਕਾਰੀ ਮੈਡੀਕਲ ਕਾਲਜਾਂ ਦੇ ਡਿਜ਼ਾਈਨਾਂ ਨੂੰ ਵਿਸਥਾਰਪੂਰਵਕ ਪੇਸ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਤਕਰੀਬਨ 24.76 ਏਕੜ ਜਮੀਨ ‘ਚ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਮੈਡੀਕਲ ਕਾਲਜ ਬਲਾਕ ਨੌ ਮੰਜ਼ਿਲਾ ਹੋਵੇਗਾ। ਇਸ ਕਾਲਜ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਵੱਖੋ-ਵੱਖਰੇ ਹਾਸਟਲਾਂ ਤੋਂ ਇਲਾਵਾ ਵੱਖੋ-ਵੱਖਰੇ ਵਿਭਾਗ, ਓੀਪੀ.ਡੀ. ਅਤੇ ਪਾਰਕਿੰਗ ਸਬੰਧੀ ਨੈਸ਼ਨਲ ਮੈਡੀਕਲ ਕਾਊਂਸਿਲ (ਐਨ.ਐਮ.ਸੀ.) ਦੇ ਨਿਯਮਾਂ ਅਨੁਸਾਰ ਤਿਆਰ ਕੀਤੇ ਜਾਣਗੇ। ਇਸ ਤੋਂ ਇਲਾਵਾ ਇੱਥੇ ਪੜ੍ਹਾਉਣ ਵਾਲੇ ਪ੍ਰੋਫੈਸਰ ਸਾਹਿਬਾਨਾਂ ਲਈ ਰਿਹਾਇਸ਼, ਗੈਸਟ ਹਾਊਸ, ਇੰਡੋਰ ਸਪੋਰਟਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਲਜ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਜੇਕਰ ਵਿੱਦਿਆਰਥੀਆਂ ਦੀਆਂ ਸੀਟਾਂ ਵੱਧਦੀਆਂ ਹਨ ਤਾਂ ਲੋੜ ਅਨੁਸਾਰ ਇਮਾਰਤ ਵਿੱਚ ਵਾਧਾ ਕੀਤਾ ਜਾ ਸਕੇਗਾ।
ਚੀਫ ਆਰਕੀਟੈਕਟ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਮੈਡੀਕਲ ਕਾਲਜ ਕਪੂਰਥਲਾ 21.4 ਏਕੜ ਵਿੱਚ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਸੱਤ ਮੰਜ਼ਿਲਾ ਮੈਡੀਕਲ ਕਾਲਜ ਦੀ ਇਮਾਰਤ ਹੋਵੇਗੀ ਅਤੇ ਅੱਠ ਮੰਜ਼ਿਲਾ ਇਮਾਰਤ ਹਸਤਪਾਲ ਦੀ ਬਿਲਡਿੰਗ ਦੀ ਹੋਵੇਗੀ। ਇਸ ਤੋਂ ਇਲਾਵਾ ਐਨ.ਐਮ.ਸੀ. ਦੀਆਂ ਸ਼ਰਤਾਂ ਅਨੁਸਾਰ ਸਮੁੱਚਾ ਢਾਚਾ ਵਿਕਸਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਹੁਸ਼ਿਆਰਪੁਰ ਤਕਰੀਬਨ 23 ਏਕੜ ਜ਼ਮੀਨ ਵਿੱਚ ਸੱਤ ਮੰਜ਼ਿਲਾ ਮੈਡੀਕਲ ਕਾਲਜ ਦਾ ਬਲਾਕ ਅਤੇ ਨੌ ਮੰਜ਼ਿਲਾ ਹਸਪਤਾਲ ਬਲਾਕ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਨ.ਐਮ.ਸੀ. ਦੀਆਂ ਸ਼ਰਤਾਂ ਅਨੁਸਾਰ ਸਮੁੱਚਾ ਢਾਚਾ ਵਿਕਸਿਤ ਕੀਤਾ ਜਾਵੇਗਾ।———————–

LEAVE A REPLY

Please enter your comment!
Please enter your name here