ਮਾਨਸਾ, 21 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਆਜ਼ਾਦੀ ਕਾ ਅੰਮਿ੍ਰਤ ਮਹੋਤਸਵ ਤਹਿਤ 8ਵਾਂ ਕੌਮਾਂਤਰੀ ਯੋਗ ਦਿਵਸ ਮਾਨਸਾ ਦੇ ਸੈਂਟਰਲ ਪਾਰਕ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਓਪਕਾਰ ਸਿੰਘ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਅਤੇ ਜੁਡੀਸ਼ੀਅਲ ਮੈਜੀਸਟ੍ਰੇਟ ਫਸਟ ਕਲਾਸ ਸ਼੍ਰੀ ਹਰਪ੍ਰੀਤ ਸਿੰਘ ਵੱਲੋਂ ਸ਼ਮਾਂ ਰੋਸ਼ਨ ਕਰਕੇ ਇਸਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨਾਂ ਵੱਲੋਂ ਖੁਦ ਵੀ ਯੋਗਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ। ਯੋਗਾ ਸਾਡੇ ਵਿਅਕਤੀਤਵ ਵਿੱਚ ਸੰਤੁਲਨ ਪੈਦਾ ਕਰਦਾ ਹੈ ਅਤੇ ਸਾਨੂੰ ਸਰੀਰਕ ਅਤੇ ਆਤਮਿਕ ਤੌਰ ’ਤੇ ਤੰਦਰੁਸਤੀ ਪ੍ਰਦਾਨ ਕਰਦਾ ਹੈ। ਉਨਾਂ ਕਿਹਾ ਕਿ ਯੋਗਾ ਦੇ ਸਾਡੇ ਸਰੀਰ ਨੂੰ ਬਹੁਤ ਫਾਇਦੇ ਹਨ ਅਤੇ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ।
ਇਸ ਮੌਕੇ ਐਮ.ਡੀ.ਆਯੁਰਵੈਦਿਕ-ਕਮ-ਜ਼ਿਲਾ ਨੋਡਲ ਅਫ਼ਸਰ ਡਾ. ਵਰਿੰਦਰ ਕੁਮਾਰ ਵੱਲੋਂ ਪਤਵੰਤੇ ਵਿਅਕਤੀਆਂ ਨੂੰ ਬਹੁਤ ਹੀ ਵਿਸਥਾਰ ਪੂਰਵਕ ਢੰਗ ਨਾਲ ਯੋਗਾ ਕਰਵਾਇਆ ਗਿਆ ਅਤੇ ਹਰਭਜਨ ਅਰੋੜਾ ਅਤੇ ਵਿਸਾਖਾ ਸਿੰਘ ਬੋਹਾ ਵੱਲੋਂ ਯੋਗ ਆਸਨ ਕਰਵਾਏ ਗਏ। ਇਸ ਤੋਂ ਇਲਾਵਾ ਆਯੁਰਵੇਦ ਮੈਡੀਕਲ ਅਫ਼ਸਰ ਡਾ. ਪੂਜਾ ਅਰੋੜਾ ਅਤੇ ਡਾ. ਸੀਮਾ ਗੋਇਲ ਵੱਲੋਂ ਮੌਜੂਦ ਲੋਕਾਂ ਨੂੰ ਯੋਗ ਦੇ ਫਾਇਦੇ ਦੱਸਦਿਆਂ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੈਂਟਰਲ ਪਾਰਕ ਵਿਖੇ ਪੌਦੇ ਵੀ ਲਗਾਏ ਗਏ।
ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਮਾਨ ਅਤੇ ਐਨ.ਐਸ.ਐਸ. ਅਫ਼ਸਰ ਜਸਪਾਲ ਸਿੰਘ ਤੋਂ ਇਲਾਵਾ ਸਰਕਾਰੀ ਆਈ.ਟੀ.ਆਈ. ਮਾਨਸਾ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਵਲੰਟੀਅਰ ਮੌਜੂਦ ਸਨ।