*ਸੂਬੇ ਦੇ ਵਿਕਾਸ ਲਈ ਸਨਅਤਾਂ ਜ਼ਰੂਰੀ ਪਰ ਵਾਤਾਵਰਣ ਨਾਲ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਮੀਤ ਹੇਅਰ*

0
4

ਚੰਡੀਗੜ੍ਹ, 3 ਸਤੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ): ਸੂਬੇ ਦੇ ਉਦਯੋਗਿਕ ਵਿਕਾਸ ਲਈ ਸਨਅਤਾਂ ਦਾ ਅਹਿਮ ਰੋਲ ਹੈ ਪਰ ਇਸ ਦੇ ਨਾਲ ਹੀ ਵਾਤਾਵਰਣ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਹ ਗੱਲ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਹੀ। 
ਮੀਟਿੰਗ ਦੌਰਾਨ ਉਦਯੋਗਪਤੀਆਂ ਵੱਲੋਂ ਵਾਤਾਵਰਣ ਦੀ ਸੰਭਾਲ਼ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਪੂਰਨ ਸਹਿਯੋਗ ਭਰੋਸਾ ਦੇਣ ਦੀ ਗੱਲ ਵੀ ਕਹੀ। ਮੰਤਰੀ ਨੇ ਵੀ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਬੇਲੋੜਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਜਿਸ ਸੰਬੰਧੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਦਯੋਗ ਪੱਖੀ ਮਾਹੌਲ ਸਿਰਜਿਆ ਜਾਵੇ। 
ਮੀਤ ਹੇਅਰ ਨੇ ਕਿਹਾ ਕਿ ਚੌਗਿਰਦੇ ਦੀ ਸਾਂਭ ਸੰਭਾਲ਼ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਵਾਤਾਵਰਣ ਛੱਡ ਕੇ ਜਾਣਾ ਸਭ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਕ ਵਾਰ ਵਰਤੋਂ ਵਾਲੇ ਪਲਾਸਟਿਕ ਉੱਤੇ ਪੂਰਨ ਪਾਬੰਦੀ ਦੇ ਨਾਲ ਸਨਅਤੀ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਅਤੇ ਬੁੱਢਾ ਦਰਿਆ ਦੀ ਸਫਾਈ ਸਮੇਤ ਹੋਰ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। 
ਸਨਅਤੀ ਨੁਮਾਇੰਦਿਆਂ ਨੇ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਜਿਨ੍ਹਾਂ ਸਨਅਤਾਂ ਵੱਲੋਂ ਟਰੀਟਮੈਂਟ ਪਲਾਂਟ ਲਗਾਏ ਗਏ ਹਨ, ਉਨ੍ਹਾਂ ਨੂੰ ਸੋਧੇ ਹੋਏ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਮੀਤ ਹੇਅਰ ਨੇ ਇਹ ਗੱਲ ਮੁੜ ਦੁਹਰਾਉਂਦਿਆ ਕਿਹਾ ਕਿ ਵਾਤਾਵਰਣ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਿਹੜੀਆਂ ਸਨਅਤਾਂ ਸਾਰੇ ਨਿਯਮਾਂ ਦਾ ਪਾਲਣ ਕਰਦੀਆਂ ਹਨ, ਉਨ੍ਹਾਂ ਦੀ ਜਾਇਜ਼ ਮੰਗਾਂ ਦੇ ਹੱਲ ਲਈ ਵਿਭਾਗ ਵੱਲੋਂ ਸਕਰਾਤਮਕ ਰੁਖ ਅਪਣਾਇਆ ਜਾਵੇਗਾ।
ਮੀਟਿੰਗ ਵਿੱਚ ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ ਵਿੱਚ ਅਦਿਤਿਆ ਕੰਵਰ, ਵਿਵੇਕ ਸ਼ਰਮਾ, ਨੀਰਜ ਅਬੋਟ, ਐਚ.ਕੇ.ਸਿੰਘਲ, ਐਸ.ਕੇ.ਸ਼ਰਮਾ. ਸਾਂਚਿਤ ਸੂਦ, ਨੰਦਨ ਜੈਨ ਤੇ ਚੇਤੰਨਿਆ ਡਾਵਰ ਹਾਜ਼ਰ ਸਨ।——

LEAVE A REPLY

Please enter your comment!
Please enter your name here