
ਅੰਮ੍ਰਿਤਸਰ 08,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲਾ ‘ਚ ਪੁੱਜੇ, ਜਿੱਥੇ ਖੇਮਕਰਨ ਹਲਕੇ ਦੇ ਕਾਂਗਰਸੀ ਵਰਕਰ ਦਾ ਹਾਲ-ਚਾਲ ਪੁੱਛਿਆ। ਫਾਇਰਿੰਗ ਵਿੱਚ ਜ਼ਖ਼ਮੀ ਹੋਇਆ ਪਿੰਡ ਗਜਲ ਦਾ ਰਹਿਣ ਵਾਲਾ ਕਾਂਗਰਸੀ ਵਰਕਰ ਇੱਥੇ ਜੇਰੇ ਇਲਾਜ ਹੈ।
ਇਸ ਦੌਰਾਨ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ‘ਤੇ ਲਾਅ ਐਂਡ ਆਰਡਰ ਮਾਮਲੇ ‘ਤੇ ਖੁੱਲ੍ਹ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਢਲਾ ਫਰਜ ਹੁੰਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਪਰ ਇਹ ਸਥਿਤੀ ਪਿਛਲ਼ੇ 20-25 ਦਿਨਾਂ ‘ਚ ਵਿਗੜ ਗਈ ਹੈ। ਇਸ ‘ਤੇ ਹੁਣ ਸਾਨੂੰ ਬੋਲਣਾ ਹੀ ਪਊ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਿਛਲੇ ਦਿਨਾਂ ‘ਚ 23 ਕਤਲ ਹੋ ਗਏ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਹਵਾਵਾਂ ‘ਚੋਂ ਬਾਹਰ ਨਹੀਂ ਨਿਕਲ ਰਹੇ। ਉਨ੍ਹਾਂ ਕਿਹਾ ਕਿ ਜਿਸ ਸੂਬੇ ‘ਚ ਰੋਜ਼ਾਨਾ ਚਾਰ-ਚਾਰ ਕਤਲ ਹੋ ਰਹੇ ਹੋਣ, ਉਸ ਸੂਬੇ ਦਾ ਕੀ ਹਾਲ ਹੋਵੇਗਾ।
ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਧੜਾਧੜ ਐਲਾਨ ਕੀਤੇ ਪਰ ਹਾਲੇ ਤਕ ਇੱਕ ਵੀ ਸਹੂਲਤ ਦੇਣ ਦਾ ਸਰਕਾਰ ਨੇ ਨੋਟਿਸ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਸਤੀ ਬਿਜਲੀ ਦੇਣ ਦੀ ਗੱਲ ਕਹੀ ਸੀ ਪਰ ਹਾਲਾਤ ਕੀ ਹਨ ਸਭ ਨੂੰ ਪਤਾ ਹੈ। ਸੂਬੇ ਵਿੱਚ ਇਹੀ ਹਾਲ ਰੇਤਾ ਦਾ ਹੈ।
ਸਿੱਧੂ ਨੇ ਗੁਰਬਾਣੀ ਦੇ ਪ੍ਰਸਾਰਣ ਬਾਰੇ ਵੀ ਕਿਹਾ ਕਿ ਇਹ ਲੋਕ ਗੁਰਬਾਣੀ ਦੇ ਮਾਮਲੇ ‘ਤੇ ਵੀ ਰਾਜਨੀਤੀ ਕਰ ਰਹੇ ਹਨ ਜਦਕਿ ਅਸੀਂ ਇਹ ਮੰਗ ਲੰਬੇ ਸਮੇਂ ਤੋਂ ਕਰ ਰਹੇ ਹਾਂ। ਯਾਦ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਬਾਣੀ ਦੇ ਪ੍ਰਚਾਰ ਬਾਰੇ ਬਿਆਨ ਦਿੱਤਾ ਹੈ ਕਿ ਐਸਜੀਪੀਸੀ ਆਪਣਾ ਚੈਨਲ ਖੋਲ੍ਹੇ। ਇਸ ਬਾਬਤ ਐਸਜੀਪੀਸੀ ਨੂੰ ਲਿਖਤੀ ਭੇਜ ਦਿੱਤਾ ਗਿਆ ਹੈ ਜਿਸ ਨਾਲ ਗੁਰਬਾਣੀ ਦਾ ਲਾਈਵ ਪ੍ਰਸਾਰਣ ਕੀਤਾ ਜਾਵੇ।
