
ਚੰਡੀਗੜ੍ਹ 23 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ):ਪੰਜਾਬ ਮੰਤਰੀ ਮੰਡਲ ਵੱਲੋਂ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਪ੍ਰੀ-ਪ੍ਰਾਈਮਰੀ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੀ ਗਿਣਤੀ ਵਧੇਗੀ ਅਤੇ ਉਹ ਨਿੱਜੀ ਸੰਸਥਾਵਾਂ ਨਾਲ ਹੋਰ ਵਧੇਰੇ ਅਸਰਦਾਰ ਢੰਗ ਨਾਲ ਮੁਕਾਬਲਾ ਕਰ ਸਕਣਗੇ।
ਕੈਬਨਿਟ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੇ ਸਮੇਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੌਜੂਦਾ ਤਜਰਬੇਕਾਰ ਵਲੰਟੀਅਰਾਂ ਨੂੰ ਵਿਸ਼ੇਸ਼ ਅਗੇਤ ਅਤੇ ਉਮਰ ਵਿੱਚ ਛੋਟ ਦਿੱਤੀ ਜਾਵੇ। ਕੈਬਨਿਟ ਵੱਲੋਂ ਪ੍ਰੀ-ਪ੍ਰਾਈਮਰੀ ਸਕੂਲ ਅਧਿਆਪਕਾਂ ਲਈ ਵਿਭਾਗੀ ਸੇਵਾ ਨਿਯਮਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।
ਮੁੱਖ ਮੰਤਰੀ ਨੇ ਵਰਚੁਅਲ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦੱਸਿਆ ਕਿ ਹਾਲਾਂਕਿ ਇਸ ਸਮੇਂ ਕੁਲ 12000 ਪ੍ਰੀ-ਪ੍ਰਾਈਮਰੀ ਅਧਿਆਪਕਾਂ ਦੀ ਲੋੜ ਹੈ ਪਰ ਸੂਬੇ ਦੀ ਵਿੱਤੀ ਸਥਿਤੀ ਵੇਖਦਿਆਂ ਵਿੱਤ ਵਿਭਾਗ ਇਨ੍ਹਾਂ ਸਾਰੀਆਂ ਅਸਾਮੀਆਂ ਲਈ ਭਰਤੀ ਨਹੀਂ ਕਰ ਸਕਦੇ। ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਭਰਤੀ ਛੇਤੀ ਹੀ ਪੂਰੀ ਕਰਨ ਲਈ ਸਮੁੱਚੇ ਯਤਨ ਕੀਤੇ ਜਾਣਗੇ।
ਕੈਬਨਿਟ ਵੱਲੋਂ ਸਕੂਲ ਸਿੱਖਿਆ ਵਿਭਾਗ ਦੀ ਉਸ ਤਜਵੀਜ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਜਿਸ ਤਹਿਤ ਵਲੰਟੀਅਰਾਂ ਜਿਵੇਂ ਕਿ ਸਿੱਖਿਆ ਪ੍ਰੋਵਾਈਡਰਾਂ/ਐਜੂਕੇਸ਼ਨ ਪ੍ਰੋਵਾਈਡਰਾਂ/ਐਜੂਕੇਸ਼ਨ ਵਲੰਟੀਅਰਾਂ, ਈ.ਜੀ.ਐਸ. ਵਲੰਟੀਅਰਾਂ, ਏ.ਆਈ.ਈ. ਵਲੰਟੀਅਰਾਂ ਅਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ (ਐਸ.ਟੀ.ਆਰ.) ਵਲੰਟੀਅਰਾਂ ਆਦਿ ਨੂੰ ਉੱਪਰਲੀ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ ਜੋ ਕਿ ਵੱਖੋ-ਵੱਖਰੀਆਂ ਸਿੱਖਿਆ ਸਕੀਮਾਂ/ਪ੍ਰੋਗਰਾਮਾਂ ਤਹਿਤ ਬੱਧੇ ਮਿਹਨਤਾਨੇ ‘ਤੇ ਕੰਮ ਕਰ ਰਹੇ ਹਨ ਅਤੇ ਵਿਭਾਗ ਵੱਲੋਂ ਪ੍ਰੀ-ਪ੍ਰਾਈਮਰੀ ਟੀਚਰਾਂ ਜਾਂ ਈ.ਟੀ.ਟੀ. ਟੀਚਰਾਂ ਦੀ ਰੈਗੂਲਰ ਭਰਤੀ ਹਿੱਤ ਇਸ਼ਤਿਹਾਰ ਦੇਣ ਸਮੇਂ ਤੱਕ ਕਾਫੀ ਜ਼ਿਆਦਾ ਤਜਰਬਾ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਜਿਹੇ ਵਲੰਟੀਅਰਾਂ ਨੂੰ ਵੱਧ ਤੋਂ ਵੱਧ 10 ਅੰਕਾਂ ਦੀ ਹੱਦ ਤੱਕ 1 ਅੰਕ ਪ੍ਰਤੀ ਵਰ੍ਹੇ ਦੇ ਹਿਸਾਬ ਨਾਲ ਵਿਸ਼ੇਸ਼ ਅਗੇਤ ਦਿੱਤੀ ਜਾ ਸਕਦੀ ਹੈ।
