*ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਨੂੰ ਯਾਦ ਕਰਵਾਇਆ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ*

0
24

ਚੰਡੀਗੜ੍ਹ 01,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਪਾਰਟੀ ਤੋਂ ਖਫ਼ਾ ਹਨ।ਉਨ੍ਹਾਂ ਨੇ ਕਿਹਾ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਦੋਵਾਂ ਨੇ ਹੀ ਵਿਸਾਰ ਦਿੱਤਾ ਹੈ। ਇਸ ਮੌਕੇ ਕਾਂਗਰਸ ਭਵਨ ‘ਚ ਵੀ ਕੋਈ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਕੋਈ ਸਰਕਾਰੀ ਸਮਾਗਮ ਹੋਇਆ। ਇੱਥੋਂ ਤੱਕ ਕਿ ਕਿਸੇ ਕਾਂਗਰਸੀ ਨੇ ਉਨ੍ਹਾਂ ਦੀ ਕੁਰਬਾਨੀ ‘ਤੇ ਟਵੀਟ ਤੱਕ ਵੀ ਨਹੀਂ ਕੀਤਾ।

ਇਸ ‘ਤੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵਿਅੰਗ ਵੀ ਕੱਸਿਆ। ਉਨ੍ਹਾਂ ਟਵੀਟ ‘ਚ ਲਿਖਿਆ, ‘ਮੈਂ ਸਮਝ ਸਕਦਾ ਹਾਂ ਕਿ ਭਾਜਪਾ ‘ਆਇਰਨ ਲੇਡੀ ਆਫ਼ ਇੰਡੀਆ’ ਨੂੰ ਇਤਿਹਾਸ ਤੋਂ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕੀ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨਹੀਂ ਹੈ। ਮੈਂ ਜਾਣਦਾ ਹਾਂ ਕਿ ਕੈਪਟਨ ਸਾਬ੍ਹ ਨੂੰ ਪੰਜਾਬ ਸਰਕਾਰ ਦੇ ਪਿਛਲੇ ਸਾਲ ਦੇ ਇਸ ਇਸ਼ਤਿਹਾਰ ਦੀ ਵਰਤੋਂ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ, ਕਿਉਂਕਿ ਅੱਜ ਸਰਕਾਰ ਦਾ ਕੋਈ ਇਸ਼ਤਿਹਾਰ ਨਹੀਂ ਆਇਆ।”

ਸੁਨੀਲ ਜਾਖੜ ਨੇ ਕੈਪਟਨ ਸਰਕਾਰ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਇਸ਼ਤਿਹਾਰ ਨੂੰ ਸਾਂਝਾ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸਾਰੇ ਕੈਬਨਿਟ ਮੰਤਰੀਆਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਆਪਣੇ ਵੱਡੇ ਨੇਤਾ ਨੂੰ ਭੁੱਲ ਗਈ ਹੈ।

ਇਸ ‘ਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਇੰਦਰਾ ਜੀ ਸਾਡੇ ਆਈਕਨ ਹਨ, ਉਹ ਸਾਡੇ ਦਿਲਾਂ ‘ਚ ਵਸਦੇ ਹਨ।

ਮੁੱਖ ਮੰਤਰੀ ਬਲੀਦਾਨ ਦਿਵਸ ਮੌਕੇ ਪਹੁੰਚੇ ਜਲੰਧਰ 
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੇ ਸਮੇਂ ਜਲੰਧਰ ਦੇ ਦੌਰੇ ‘ਤੇ ਹਨ, ਜਦੋਂ ਪੂਰੇ ਦੇਸ਼ ‘ਚ ਕਾਂਗਰਸ ਅਤੇ ਕੁਝ ਹਿੰਦੂ ਸੰਗਠਨਾਂ ਵੱਲੋਂ ਇੰਦਰਾ ਗਾਂਧੀ ਦੀ ਯਾਦ ‘ਚ ਬਲੀਦਾਨ ਦਿਵਸ ਮਨਾਇਆ ਜਾ ਰਿਹਾ ਸੀ। ਉੱਥੇ ਮੁੱਖ ਮੰਤਰੀ ਚੰਨੀ ਹਾਕੀ ਦੇ ਗਰਾਊਂਡ ‘ਚ ਕੈਬੀਨੇਟ ਮੰਤਰੀ ਪਰਗਟ ਸਿੰਘ ਨਾਲ ਹਾਕੀ ਖੇਡ ਰਹੇ ਸਨ।

ਅੱਜ ਦੇ ਦਿਨ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ ਸੀ, ਓਪਰੇਸ਼ਨ ਬਲੂ ਸਟਾਰ ਤੋਂ ਬਾਅਦ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਬਾਡੀਗਾਰਡਾਂ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਸੀ। ਹਰ ਸਾਲ ਕਾਂਗਰਸ ਅਤੇ ਕੁਝ ਹਿੰਦੂ ਸੰਗਠਨ ਇਸ ਨੂੰ ਬਲੀਦਾਨ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ। ਹਰ ਸਾਲ ਕਾਂਗਰਸ ਹਾਈਕਮਾਂਡ, ਦਿੱਲੀ ਅਤੇ ਪੰਜਾਬ ਕਾਂਗਰਸ ਦੀ ਤਰਫੋਂ ਪੰਜਾਬ ਕਾਂਗਰਸ ਵੱਲੋਂ ਕਾਂਗਰਸ ਭਵਨ ਵਿਖੇ ਸਮਾਗਮ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।

NO COMMENTS