
ਚੰਡੀਗੜ੍ਹ 19,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖਿਲਾਫ ਅਨੁਸਾਸ਼ਨੀ ਕਾਰਵਾਈ ਹੋਵੇਗੀ। ਉਨ੍ਹਾਂ ਪਾਰਟੀ ਵਿੱਚੋਂ ਮੁੱਅਤਲ ਜਾਂ ਫਿਰ ਬਰਖਾਸਤ ਕੀਤਾ ਜਾ ਸਕਦਾ ਹੈ। ਇਸ ਦੀ ਪੁਸ਼ਟੀ ਸੀਨੀਅਰ ਕਾਂਗਰਸੀ ਲੀਡਰ ਤਾਰਿਕ ਅਨਵਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਹੁਣ ਕਾਂਗਰਸ ਦੇ ਸੰਵਿਧਾਨ ਮੁਤਾਬਕ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੁਅੱਤਲੀ ਤੇ ਬਰਖਾਸਤਗੀ ਦੋਵਾਂ ਦਾ ਵਿਕਲਪ ਖੁੱਲ੍ਹਾ ਹੈ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਨ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇੱਕ ਹਫਤੇ ਦੀ ਮਿਆਦ ਸੋਮਵਾਰ ਨੂੰ ਖਤਮ ਹੋ ਗਈ ਹੈ। ਹੁਣ ਕਾਂਗਰਸ ਹਾਈਕਮਾਨ ਉਨ੍ਹਾਂ ਦਿੱਲੀ ਤਲਬ ਕਰ ਸਕਦੀ ਹੈ। ਹਾਲਾਂਕਿ ਪਾਰਟੀ ਦੇ ਰਵੱਈਏ ਕਾਰਨ ਜਾਖੜ ਪਾਰਟੀ ਵੀ ਛੱਡ ਸਕਦੇ ਹਨ। ਉਂਝ ਸਰਗਰਮ ਸਿਆਸਤ ਤੋਂ ਉਹ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ।
ਜਾਖੜ ਪੰਜਾਬ ‘ਚ ਕਾਂਗਰਸ ਦੇ ਦਿੱਗਜ਼ ਹਿੰਦੂ ਲੀਡਰ ਹਨ। ਹਾਲਾਂਕਿ ਉਨ੍ਹਾਂ ਨੇ ਵਿਧਾਨ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਜਾਖੜ ਦੀ ਨਾਰਾਜ਼ਗੀ ਦਾ ਅਸਰ ਚੋਣਾਂ ‘ਚ ਵੀ ਦਿਖਿਆ ਜਿੱਥੇ ਸ਼ਹਿਰਾਂ ‘ਚ ਹਿੰਦੂ ਵੋਟਰਾਂ ਨੇ ਕਾਂਗਰਸ ਤੋਂ ਦੂਰੀ ਬਣਾ ਲਈ। ਜਾਖੜ ਨੂੰ ਸਾਬਕਾ ਸੀਐਮ ਚਰਨਜੀਤ ਚੰਨੀ ਬਾਰੇ ਵਿਵਾਦਤ ਟਿੱਪਣੀ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਸੀ।
ਜਾਖੜ ਕਾਂਗਰਸ ਹਾਈਕਮਾਨ ਤੋਂ ਜ਼ਿਆਦਾ ਉਨ੍ਹਾਂ ਦੇ ਕੁਝ ਆਗੂਆਂ ਤੋਂ ਨਾਰਾਜ਼ ਹਨ ਜਿਨ੍ਹਾਂ ਨੇ ਹਾਈਕਮਾਨ ਨੂੰ ਗਲਤ ਫੀਡਬੈਕ ਦੇ ਕੇ ਪਿਛਲੀਆਂ ਚੋਣਾਂ ‘ਚ ਕਾਂਗਰਸ ‘ਚ ਕਲੇਸ਼ ਪਾਇਆ ਸੀ। ਪਹਿਲਾਂ ਨਵਜੋਤ ਸਿੰਧੂ ਨੂੰ ਪ੍ਰਧਾਨ ਬਣਾਉਣ ਲਈ ਅਚਾਨਕ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਲਈ ਕੋਈ ਵਜ੍ਹਾ ਤਕ ਨਹੀਂ ਦੱਸੀ ਗਈ। ਇਸ ਤੋਂ ਬਾਅਦ ਕੈਪਟਨ ਨੂੰ ਹਟਾ ਉਨ੍ਹਾਂ ਨੂੰ ਸੀਐਮ ਬਣਾਉਣ ਦੀ ਵਾਰੀ ਆਈ ਤਾਂ ਸਿੱਖ-ਹਿੰਦੂ ਕਾਰਡ ਖੇਡਿਆ ਗਿਆ।
