
ਫਗਵਾੜਾ 5 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਭੁਗਤ ਰਹੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਬੁੱਧਵਾਰ ਸਵੇਰੇ ਹੋਏ ਕਾਤਲਾਨਾ ਹਮਲੇ ਨੂੰ ਵੱਡੀ ਸਾਜਿਸ਼ ਕਰਾਰ ਦਿੰਦੇ ਹੋਏ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ ਭਗਤਪੁਰਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਘਰ ਵਿਚ ਅਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚਣਾ ਵੀ ਪਾਪ ਹੈ। ਇਸ ਲਈ ਜਿਸ ਨੇ ਵੀ ਅਜਿਹੀ ਹਰਕਤ ਕੀਤੀ ਹੈ, ਉਸਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ। ਤਾਂ ਜੋ ਦੁਬਾਰਾ ਕੋਈ ਵੀ ਅਜਿਹੀ ਗੁਸਤਾਖੀ ਕਰਨ ਦੀ ਜੁੱਰਤ ਨਾ ਕਰ ਸਕੇ। ਉਹਨਾਂ ਕਿਹਾ ਕਿ ਮਾਮਲੇ ਪਿੱਛੇ ਦੀ ਸਾਜਿਸ਼ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾਵੇ, ਕਿਉਂਕਿ ਹਮਲਾਵਰ ਨੇ ਆਪਣੇ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਉਹਨਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇਸ ਹਮਲੇ ਵਿਚ ਸੁਖਬੀਰ ਬਾਦਲ ਜਾਂ ਕਿਸੇ ਵੀ ਹੋਰ ਸ਼ਰਧਾਲੂ ਨੂੰ ਕੋਈ ਆਂਚ ਨਹੀਂ ਆਈ। ਬੀਬੀ ਸਰਬਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਹਮਲੇ ਤੋਂ ਬਾਅਦ ਦਿੱਤੀ ਪ੍ਰਤਿਕ੍ਰਿਆ ਵਿਚ ਕਾਨੂੰਨ ਵਿਵਸਥਾ ਬਾਰੇ ਕੋਈ ਗੱਲ ਕਰਨ ਦੀ ਬਜਾਏ ਪੰਜਾਬ ਪੁਲਿਸ ਦੀ ਸ਼ਲਾਘਾ ਨੂੰ ਆਪਣੀ ਨਾਕਾਮੀ ਛੁਪਾਉਣ ਦਾ ਹਥਕੰਡਾ ਦੱਸਿਆ ਅਤੇ ਕਿਹਾ ਕਿ ਇਸ ਸਮੇਂ ਪੰਜਾਬ ਅਤੇ ਪੰਜਾਬੀ ਪਰਮਾਤਮਾ ਦੇ ਭਰੋਸੇ ਸਮਾਂ ਕੱਟ ਰਹੇ ਹਨ। ਕਿਸੇ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਦੀ ਜਾਨ ਵੀ ਸਤਿਗੁਰੂ ਰਾਮਦਾਸ ਮਹਾਰਾਜ ਦੀ ਮਿਹਰ ਸਦਕਾ ਹੀ ਬਚਾਈ ਜਾ ਸਕੀ ਹੈ। ਉਹਨਾਂ ਨੇ ਫਾਇਰ ਤੋਂ ਠੀਕ ਪਹਿਲਾਂ ਫੁਰਤੀ ਨਾਲ ਹਮਲਾਵਰ ਨੂੰ ਕਾਬੂ ਕਰਨ ਵਾਲੇ ਪੁਲਿਸ ਦੇ ਜਵਾਨਾਂ ਵਲੋਂ ਦਿਖਾਈ ਬਹਾਦੁਰੀ ਦੀ ਸ਼ਲਾਘਾ ਵੀ ਕੀਤੀ ਹੈ।
