ਸੁਖਬੀਰ ਸਿੰਘ ਬਾਦਲ ਝੂਠ ਬੋਲਣ ਦਾ ਆਦੀ: ਸੁਖਜਿੰਦਰ ਸਿੰਘ ਰੰਧਾਵਾ

0
20

ਚੰਡੀਗੜ, 24 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ)  ‘‘ਲੱਗਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿੱਚ ਕੀਤੀਆਂ ਜਾ ਰਹੀਆਂ ਵਿਕਾਸ ਮੁਖੀ ਪੇਸ਼ਕਦਮੀਆਂ ਦੇ ਸਿਲਸਿਲੇ ਵਿੱਚ ਸਫੇਦ ਝੂਠ ਬੋਲਣ ਦੀ ਬੁਰੀ ਆਦਤ ਪੈ ਚੁੱਕੀ ਹੈ ਤਾਂ ਹੀ ਉਸ ਵੱਲੋਂ ਸੂਬੇ ਵਿੱਚ ਮਗਨਰੇਗਾ ਸਕੀਮ ਤਹਿਤ 1000 ਕਰੋੜ ਰੁਪਏ ਦੇ ਤਥਾਕਥਿਤ ਘੋਟਾਲੇ ਦੇ ਥੁੱਕੀ ਵੜੇ ਪਕਾਏ ਜਾ ਰਹੇ ਹਨ।’’
ਇਨਾਂ ਇਲਜ਼ਾਮਾਂ ਨੂੰ ਕੋਰਾ ਝੂਠ ਦੱਸਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਚੰਗੀ ਤਰਾਂ ਜਾਣੂੰ ਹੋ ਚੁੱਕੇ ਹਨ ਕਿ ਸੱਤਾ ਤੋਂ ਬਾਹਰ ਹੁੰਦੇ ਹੀ ਅਕਾਲੀ ਆਪਣੀ ਗੁਆਚੀ ਸਿਆਸੀ ਸ਼ਾਖ ਬਹਾਲ ਕਰਨ ਲਈ ਤਰਲੋਮੱਛੀ ਹੋ ਜਾਂਦੇ ਹਨ ਅਤੇ ਅਜਿਹੇ ਹੋਛੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਪਰ ਸੱਤਾ ਵਿੱਚ ਆਉਦਿਆਂ ਹੀ ਇਨਾਂ ਨੂੰ ਆਪਣੇ ਸਾਰੇ ਮੁੱਦੇ ਭੁੱਲ ਜਾਂਦੇ ਹਨ।
ਸ. ਰੰਧਾਵਾ ਨੇ ਕਿਹਾ ਕਿ ਇਨਾਂ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਹੀ ਇਨਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦਾ ਵੀ ਰੁਤਬਾ ਨਹੀਂ ਮਿਲਿਆ ਅਤੇ ਅਕਾਲੀ ਦਲ 14 ਸੀਟਾਂ ਨਾਲ ਤੀਜੇ ਸਥਾਨ ’ਤੇ ਸੁੰਗੜ ਗਿਆ ਜੋ ਕਿ ਇਨਾਂ ਸਿਆਸੀ ਖਾਤਮੇ ਦਾ ਸੂਚਕ ਹੈ।
ਤੱਥਾਂ ਉਤੇ ਗੱਲ ਕਰਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਸਾਲ ਮਗਨਰੇਗਾ ਦੇ ਕੁਲ 800 ਕਰੋੜ ਰੁਪਏ ਦੇ ਬਜਟ ਵਿਚੋਂ ਹੁਣ ਤੱਕ 390 ਕਰੋੜ ਰੁਪਏ ਦਾ ਕੁਲ ਖ਼ਰਚ ਹੋਇਆ ਹੈ ਜਿਸ ਵਿਚੋਂ ਸਾਜੋ-ਸਮਾਨ ਦੀ ਖ਼ਰੀਦ ਉਤੇ ਸਿਰਫ਼ 88 ਕਰੋੜ ਦਾ ਖ਼ਰਚਾ ਹੀ ਹੋਇਆ ਹੈ। ਉਨਾਂ ਕਿਹਾ ਕਿ ਸਾਲ 2017 ਵਿਚ ਬਣੀ ਕਾਂਗਰਸ ਸਰਕਾਰ ਵਲੋਂ ਹੁਣ ਤੱਕ ਸਾਜੋ ਸਮਾਨ ਉੱਤੇ ਸਿਰਫ 520 ਕਰੋੜ ਰੁਪਏ ਦਾ ਹੀ ਖ਼ਰਚ ਕੀਤਾ ਗਿਆ ਹੈ। ਉਨਾਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਦਿਆ ਕਿ 520 ਕਰੋੜ ਰੁਪਏ ਦੇ ਖ਼ਰਚੇ ਵਿਚੋਂ 1000 ਕਰੋੜ ਰੁਪਏ ਦਾ ਘਪਲਾ ਕਿਵੇਂ ਸੰਭਵ ਹੈ, ਕਿਹਾ ਕਿ ਇਹ ਸੁਖਬੀਰ ਨੇ ਆਪਣੇ ਸੁਭਾਅ ਮੁਤਾਬਕ ਗੱਪ ਮਾਰਦਿਆਂ ਹਵਾ ਵਿੱਚ ਡਾਂਗਾ ਚਲਾ ਦਿੱਤੀਆਂ।
ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਆਪਣੀਆਂ ਸਿਆਸੀ ਇੱਛਾਵਾਂ ਖਾਤਰ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਉਤੇ ਲੱਤ ਮਾਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਇਸ ਸਕੀਮ ਅਧੀਨ ਇਸ ਵੇਲੇ ਪੰਜਾਬ ਵਿਚ ਤਕਰੀਬਨ ਦੋ ਲੱਖ ਤੀਹ ਹਜ਼ਾਰ ਵਰਕਰ ਕੰਮ ਕਰ ਰਹੇ ਹਨ, ਜਦੋਂ ਕਿ ਪੰਜਾਬ ਵਿਚ ਲੌਕਡਾਊਨ ਲੱਗਣ ਸਮੇਂ ਇਹ ਗਿਣਤੀ ਸਿਰਫ਼ 60,000 ਸੀ। ਕਰੋਨਾ ਮਹਾਂਮਾਰੀ ਦੇ ਦੌਰ ਦੇ ਇਸ ਸਾਲ ਵਿਚ 114 ਲੱਖ ਮਨੁੱਖੀ ਦਿਹਾੜੀਆਂ ਪੈਦਾ ਕਰਕੇ ਗਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਸੁਖਬੀਰ ਆਪਣੇ ਤੱਥ ਰਹਿਤ ਬਿਆਨਾਂ ਨਾਲ ਇਸ ਸਕੀਮ ਨੂੰ ਬੰਦ ਕਰਵਾਉਣ ਉਤੇ ਉਤਾਰੂ ਹਨ। ਇਸ ਸਕੀਮ ਤਹਿਤ ਕੰਮ ਕਰ ਰਹੇ ਕੁੱਲ ਵਰਕਰਾਂ ਵਿੱਚ 68 ਫੀਸਦੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਅਤੇ ਕੁਲ ਵਰਕਰਾਂ ਵਿਚੋਂ 58 ਫੀਸਦੀ ਔਰਤਾਂ ਹਨ।
ਕਾਂਗਰਸੀ ਆਗੂ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਮੁੱਦਾਹੀਣ ਹੋਈ ਆਪਣੀ ਪਾਰਟੀ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਝੂਠੇ ਬਿਆਨ ਦੇਣ ਦੀ ਥਾਂ ਤੱਥਾਂ ਸਮੇਤ ਅੰਕੜੇ ਪੇਸ਼ ਕਰਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਉਸ ਦੇ ਡੇਰਾ ਬਾਬਾ ਨਾਨਕ ਹਲਕੇ ਦਾ ਕੋਈ ਵੀ ਇਕ ਪਿੰਡ ਚੁਣ ਲਵੇ ਅਤੇ ਇਕ ਪੈਸੇ ਦੀ ਬੇਨਿਯਾਮੀ ਸਿੱਧ ਕਰ ਕੇ ਦਿਖਾਵੇ। ਉਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਲੀ ਦਲ ਪ੍ਰਧਾਨ ਤੋਂ ਮੁੱਦੇ ਤਾਂ ਬਹੁਤ ਚੁੱਕੇ ਹਨ ਪਰ ਅੰਕੜੇ ਕਿਸੇ ਦੇ ਵੀ ਸਹੀ ਨਹੀਂ ਪੇਸ਼ ਕਰ ਸਕਿਆ।
—-

LEAVE A REPLY

Please enter your comment!
Please enter your name here