
ਜਲਾਲਾਬਾਦ 03,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ ਉੱਪਰ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਵਿਧਾਇਕ ਰਾਮਿੰਦਰ ਸਿੰਘ ਆਵਲਾ, ਉਨ੍ਹਾਂ ਦੇ ਬੇਟੇ ਤੇ 60 ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਆਦੇਸ਼ ਦੇਣ ਮਗਰੋਂ ਕੀਤੀ ਹੈ।

ਦੱਸ ਦਈਏ ਕਿ ਜਲਾਲਾਬਾਦ ਨਗਰ ਨਿਗਮ ਚੋਣਾਂ ਲਈ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਏ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਆਪਸ ਵਿੱਚ ਭਿੜ ਗਏ ਸੀ। ਇਸ ਦੌਰਾਨ ਪੱਥਰਬਾਜ਼ੀ ਦੇ ਨਾਲ-ਨਾਲ ਗੋਲੀਆਂ ਵੀ ਚੱਲੀਆਂ ਸੀ। ਘਟਨਾ ਵਿੱਚ ਦੋ ਅਕਾਲੀ ਵਰਕਰ ਜ਼ਖਮੀ ਹੋਏ ਸੀ।
ਇਸ ਮਗਰੋਂ ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ ਆਵਲਾ ਨੇ ਯੂਪੀ ਤੋਂ ਬਦਮਾਸ਼ ਬੁਲਾਏ ਸੀ। ਅਕਾਲੀ ਦਲ ਨੇ ਇਸ ਨੂੰ ਗੁੰਡਾਰਾਜ ਕਰਾਰ ਦਿੱਤਾ ਸੀ। ਉਧਰ, ਕਾਂਗਰਸੀ ਵਿਧਾਇਕ ਆਵਲਾ ਦਾ ਦੋਸ਼ ਹੈ ਕਿ ਸੁਖਬੀਰ ਆਪਣੇ ਨਾਲ ਗੁੰਡੇ ਲੈ ਕੇ ਆਏ ਸੀ ਤੇ ਮਾਹੌਲ ਖਰਾਬ ਕੀਤਾ ਹੈ।
