
ਜ਼ੀਰਾ (ਸਾਰਾ ਯਹਾਂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ 100 ਦਿਨ ਦੀ ਪੰਜਾਬ ਯਾਤਰਾ ਨੂੰ ਅੱਜ ਪਹਿਲੇ ਦਿਨ ਹੀ ਝਟਕਾ ਲੱਗਾ ਹੈ। ਜ਼ੀਰਾ ਵਿੱਚ ਜਦੋਂ ਉਨ੍ਹਾਂ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਫਿਰੋਜ਼ਪੁਰ ਦੇ ਹਲਕਾ ਜ਼ੀਰਾ ‘ਚ ਪੁਲ ਦੇ ਨਜ਼ਦੀਕ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡਾ ਦਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਫੋਰਸ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਰਹੀ।
ਦੱਸ ਦਈਏ ਕਿ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੱਲ ਧਿਆਨ ਖਿੱਚਣ ਲਈ ਮੰਗਲਵਾਰ ਤੋਂ 100 ਹਲਕਿਆਂ ਨੂੰ ਕਵਰ ਕਰਦੇ ਹੋਏ 100 ਦਿਨਾਂ ਦੀ ਯਾਤਰਾ ਕਰਨਗੇ। ਉਨ੍ਹਾਂ ਅੱਜ ਸਾਬਕਾ ਮੁੱਖ ਮੰਤਰੀ ਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਆਸ਼ੀਰਵਾਦ ਲੈ ਕੇ ਇਹ ਯਾਤਰਾ ਜ਼ੀਰਾ ਤੋਂ ਸ਼ੁਰੂ ਕੀਤੀ।
ਅੱਜ ਜਿਸ ਤਰੀਕੇ ਨਾਲ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਪਹਿਲੇ ਦਿਨ ਹੀ ਵਿਰੋਧ ਕੀਤਾ ਹੈ, ਇਸ ਤੋਂ ਤੈਅ ਹੈ ਕਿ ਅਕਾਲੀ ਦਲ ਨੂੰ ਅੱਗੇ ਕਈ ਮੁਸ਼ਕਲਾਂ ਦੀ ਸਾਹਮਣਾ ਕਰਨਾ ਪਏਗਾ। ਇਸ ਤੋਂ ਪਹਿਲਾਂ ਕੱਲ੍ਹ ਅਕਾਲੀ ਲੀਡਰ ਹਰਸਿਮਰਤ ਬਾਦਲ ਦਾ ਵਿਰੋਧ ਹੋਇਆ ਸੀ। ਇਸ ਨੂੰ ਵੇਖਦਿਆਂ ਅਕਾਲੀ ਦਲ ਨੂੰ ਆਪਣੀ ਰਣਨੀਤੀ ਬਦਲਣੀ ਪੈ ਸਕਦੀ ਹੈ ਜਾਂ ਫਿਰ ਪੰਜਾਬ ਵਿੱਚ ਕਿਸਾਨਾਂ ਤੇ ਅਕਾਲੀ ਵਰਕਰਾਂ ਵਿਚਾਲੇ ਟਕਰਾਅ ਵਾਲੇ ਹਾਲਾਤ ਬਣ ਸਕਦੇ ਹਨ।
ਦੱਸ ਦਈਏ ਕਿ ਸੁਖਬੀਰ ਨੇ ਕਾਂਗਰਸ ਤੇ ‘ਆਪ’ ਦੋਵਾਂ ਵਿਰੁੱਧ ਦੋਸ਼ ਪੱਤਰ ਜਾਰੀ ਕੀਤੇ ਹਨ। ਬੀਤੇ ਦਿਨੀਂ ਪਾਰਟੀ ਦੀ ਮੁਹਿੰਮ ‘ਗੱਲ ਪੰਜਾਬ ਦੀ’ ਸ਼ੁਰੂ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਆਪਣੀ 100 ਦਿਨਾਂ ਯਾਤਰਾ ਦੌਰਾਨ 700 ਜਨ ਸਭਾਵਾਂ ਕਰਨਗੇ ਤੇ ਸਮਾਜ ਦੇ ਹਰ ਵਰਗ ਨੂੰ ਸੰਬੋਧਨ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੇ ਦੋ ਮੁੱਖ ਉਦੇਸ਼ ਸੀ। ਸਭ ਤੋਂ ਪਹਿਲਾਂ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਭ੍ਰਿਸ਼ਟ ਕੰਮਾਂ ਬਾਰੇ ਜਾਣੂ ਕਰਵਾਉਣਾ। ਦੂਸਰਾ ਲੋਕਾਂ ਤੋਂ ਫੀਡਬੈਕ ਇਕੱਠਾ ਕਰਨਾ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਕਿ ਉਹ ਅਕਾਲੀ-ਬਸਪਾ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ। ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੁਖਬੀਰ ਨੇ ਕਿਹਾ ਕਿ ਲੋਕ 96878 96878 ‘ਤੇ ਮਿਸ ਕਾਲ ਦੇ ਕੇ ਭ੍ਰਿਸ਼ਟਾਚਾਰ ਵਿਰੁੱਧ ਪਾਰਟੀ ਦੀ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਮਵਾਰ ਨੂੰ ਇੱਕ ਵੈਬਸਾਈਟ www.GallPunjabDi.in ਵੀ ਲਾਂਚ ਕੀਤੀ।
