
ਚੰਡੀਗੜ 02,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਗੰਦੀ ਰਾਜਨੀਤੀ ਕੀਤੀ ਹੈ। ਕੰਗ ਨੇ ਗਾਇਕ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਰਾਹੀਂ ਦੇਸ਼ ਵਿਦੇਸ਼ ਵਿੱਚ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਇਆ ਅਤੇ ਬਹੁਤ ਘੱਟ ਉਮਰ ’ਚ ਵੱਡੀ ਸਫ਼ਲਤਾ ਅਤੇ ਸ਼ੋਹਰਤ ਪ੍ਰਾਪਤ ਕੀਤੀ ਸੀ। ਅਜਿਹੀ ਪ੍ਰਸਿੱਧ ਸਖ਼ਸ਼ੀਅਤ ਦੀ ਮੌਤ ’ਤੇ ਰਾਜਨੀਤੀ ਕਰਨਾ ਬੇਹੱਦ ਨਿੰਦਣਯੋਗ ਹੈ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਪੱਤਰਕਾਰਾਂ ਸਾਹਮਣੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਦੀਆਂ ਪੁਰਾਣੀਆਂ ਵੀਡੀਓਜ਼ ਪੇਸ਼ ਕੀਤੀਆਂ, ਜਿਨਾਂ ’ਚ ਇਹ ਸਾਰੇ ਆਗੂ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਦੱਸ ਰਹੇ ਹਨ। ਉਨਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਇਹ ਆਗੂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਕਹਿੰਦੇ ਸਨ, ਪਰ ਹੁਣ ਉਸ ਦੀ ਮੌਤ ’ਤੇ ਹਮਦਰਦ ਬਣਨ ਦਾ ਡਰਾਮਾ ਕਰ ਰਹੇ ਹਨ।
ਮਲਵਿੰਦਰ ਸਿੰਘ ਕੰਗ ਨੇ ਸਵਾਲ ਕੀਤਾ ਕਿ ਪੰਜਾਬ ਵਿੱਚ ਅੱਜ ਗੈਂਗਸਟਰਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ, ਪਰ ਕੀ ਇਨਾਂ ਗੈਂਗਸਟਰਾਂ ਨੂੰ ਆਮ ਆਦਮੀ ਪਾਰਟੀ ਨੇ ਪੈਦਾ ਨਹੀਂ ਕੀਤਾ ਹੈ? ਪਿਛਲੀਆਂ ਸਰਕਾਰਾਂ ’ਚ ਰਹੇ ਭਿ੍ਰਸ਼ਟ ਆਗੂਆਂ ਨੇ ਆਪਣੇ ਸੁਆਰਥੀ ਹਿੱਤਾਂ ਦੀ ਪੂਰਤੀ ਲਈ ਇਨਾਂ ਨੂੰ ਪੈਦਾ ਕੀਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਇਨਾਂ ਗੈਂਗਸਟਰਾਂ ਨੂੰ ਜੜਾਂ ਤੋਂ ਖ਼ਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਸੂਬੇ ’ਚੋਂ ਕਰਾਇਮ, ਕਰੀਮੀਨਲ ਅਤੇ ਗੈਂਗਸਟਰ ਕਲਚਰ ਨੂੰ ਮਾਨ ਸਰਕਾਰ ਖ਼ਤਮ ਕਰਕੇ ਰਹੇਗੀ। ਪੰਜਾਬ ’ਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰਨ ਵਾਲਾ ਮਹੌਲ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਿ੍ਰੜ ਸਕੰਲਪ ਹੈ।
ਕੰਗ ਨੇ ਕਿਹਾ, ‘‘ਮਾਨ ਸਰਕਾਰ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਸਾਰੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਸਖ਼ਤ ਸਜ਼ਾ ਦੇਵੇਗੀ। ਇੱਕ ਵੀ ਦੋਸ਼ੀ ਬਚ ਨਹੀਂ ਸਕੇਗਾ। ਸਰਕਾਰ ਨੇ ਹੱਤਿਆ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕਰ ਦਿੱਤਾ ਹੈ। ਐਸ.ਆਈ.ਟੀ, ਸਥਾਨਕ ਪੁਲੀਸ ਅਤੇ ਹੋਰ ਜਾਂਚ ਏਜੰਸੀਆਂ ਲਗਾਤਾਰ ਇਸ ਮਾਮਲੇ ਦੇ ਸਬੂਤ ਇੱਕਠੇ ਕਰ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਖ਼ੁੱਦ ਵੀ ਇਸ ਮਾਮਲੇ ਦੀ ਰਿਪੋਰਟ ਲੈ ਰਹੇ ਹਨ। ਜਲਦੀ ਹੀ ਸਬੂਤਾਂ ਨਾਲ ਸਾਰੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਦੇ ਨਾਂ ਸਾਮਹਣੇ ਆ ਜਾਣਗੇ।’’
