ਸੰਗਰੂਰ 02,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਕਾਲੀ ਨਹੀਂ ਸਗੋਂ ਇੱਕ ਕਾਰਪੋਰੇਟਰ ਹੈ। ਇਸ ਸਭ ਸੁਖਬੀਰ ਨਾਲ ਜੁੜੇ ਲੋਕਾਂ ਤੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਨਿੱਜੀ ਨਹੀਂ ਬਲਕਿ ਸਿਧਾਂਤਕ ਹੈ।
ਢੀਂਡਸਾ ਨੇ ਲਹਿਰਾਗਾਗਾ ਦੇ ਜੀਪੀਐਫ ਕੰਪਲੈਕਸ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਉਹ ਉਥੇ ਜਾ ਕੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਆਏ ਹਨ ਕਿ ਸਰਕਾਰਾਂ ਤੇ ਅਦਾਲਤਾਂ ਤੋਂ ਇਨਸਾਫ਼ ਨਾ ਮਿਲਣ ਕਰਕੇ ਅਰਦਾਸ ਦੀ ਸਿੱਖਾਂ ਦਾ ਆਖਰੀ ਹਥਿਆਰ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਜਦੋਂ ਮਸਲਾ ਉਠਾਉਂਦੇ ਸਨ ਤਾਂ ਬਾਦਲ ਸਿੱਟ ਬਣਾਉਣ, ਰਿਪੋਰਟ ਆਉਣ ’ਤੇ ਸਜ਼ਾਵਾਂ ਦੇਣ ਦੀ ਗੱਲ ਆਖਦੇ ਸੀ। ਇਸੇ ਕਰਕੇ ਉਹ ਸਿਧਾਂਤਕ ਲੜਾਈ ਲਈ ਬਾਦਲ ਤੋਂ ਵੱਖ ਹੋ ਕੇ ਸਾਹਮਣੇ ਆਏ ਹਨ।
ਉਨ੍ਹਾਂ ਮੀਡੀਆ ਵੱਲੋਂ ਅੱਜ ‘ਆਪ’ ਵਿਧਾਇਕਾਂ ਦੇ ਕਾਂਗਰਸ ’ਚ ਰਲਣ ਬਾਰੇ ਕੋਈ ਵਿਚਾਰ ਰੱਖਣ ਤੋਂ ਗੁਰੇਜ ਕੀਤਾ ਪਰ ਕਾਂਗਰਸ ਅੰਦਰ ਕੁਰਸੀ ਦੀ ਚੱਲ ਰਹੀ ਲੜਾਈ ਉਨ੍ਹਾਂ ਦੀ ਅੰਦਰੂਨੀ ਦੱਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਕਾਰੋਨਾ ਬੀਮਾਰੀ ਨਾਲ ਲੜਣ ਲਈ ਕੋਈ ਹਮਦਰਦੀ ਨਹੀਂ ਪਰ ਕੁਰਸੀ ਬਚਾਉਣ ਲਈ ਦੋ ਧੜਿਆਂ ’ਚ ਮੱਚੀ ਖਲਬਲੀ ਨੂੰ ਲੈ ਕੇ ਚਿੰਤਾ ਹੈ।
ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ ਆਮ ਆਦਮੀ ਪਾਰਟੀ ਨਾਲ ਕੋਈ ਗੱਲ ਨਹੀਂ ਹੋਈ ਤੇ ਨਿਕਟ ਭਵਿੱਖ ’ਚ ਪਾਰਟੀ ਨੂੰ ਬਲਾਕ, ਸਰਕਲ, ਹਲਕਾ ਪੱਧਰ ’ਤੇ ਜਥੇਬੰਦਕ ਤੌਰ ’ਤੇ ਮਜ਼ਬੂਤ ਕੀਤਾ।