ਮਾਨਸਾ 02ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਪਾਰਟੀ ਹਲਕਾ ਬੁਢਲ਼ਾਡਾ ਦੀ ਇੰਚਾਰਜ ਡਾ: ਰਣਵੀਰ ਕੌਰ ਮੀਆਂ ਅਤੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਸਰਪੰਚ ਸਰਬਜੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਦੀ ਬਦਲਾਖੋਰੀ ਨੀਤੀ ਦੀ ਨਿੰਦਿਆਂ ਕਰਦਿਆਂ ਕਿਹਾ ਕਿ 8 ਸਾਲ ਪੁਰਾਣੇ ਕੇਸ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਕੋਈ ਲੈਣਾ-ਦੇਣਾ ਨਹੀਂ ਵਿੱਚ ਸ਼ਾਮਿਲ ਕਰਕੇ ਬਦਲਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਭਗਵੰਤ ਮਾਨ ਜਦੋਂ ਖਹਿਰਾ ਆਮ ਆਦਮੀ ਪਾਰਟੀ ਵਿੱਚ ਹੁੰਦੇ ਸਨ ਤਾਂ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਝੂਠਾ ਦੱਸ ਕੇ 2 ਵਿਰੋਧੀ ਪਾਰਟੀਆਂ ਦੀ ਸਾਜਿਸ਼ ਦੱਸਿਆ ਸੀ।
ਅੱਜ ਉਸੇ ਮਾਮਲੇ ਨੂੰ ਭਗਵੰਤ ਮਾਨ ਚੁੱਕ ਕੇ ਸੁਖਪਾਲ ਖਹਿਰਾ ਤੇ ਡਰੱਗ ਕੇਸ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਗਾ ਰਹੇ ਹਨ। ਜਦਕਿ ਇਸ ਵਿੱਚ ਖਹਿਰਾ ਦਾ ਕਿਸੇ ਵੀ ਪੱਖ ਤੋਂ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਉੱਠ ਖੜ੍ਹਾ ਹੈ। ਕਾਂਗਰਸ ਪਾਰਟੀ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਇਸ ਦੀ ਨਿੰਦਿਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਸ਼੍ਰੀ ਅਮ੍ਰਿਤਸਰ ਸਾਹਿਬ ਆ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਇੱਕ-ਜੁੱਟ ਹੋ ਕੇ ਸਰਕਾਰ ਦੀ ਇਸ ਬਦਲੇ ਦੀ ਨੀਤੀ ਨੂੰ ਉਜਾਗਰ ਕਰੇਗੀ। ਇਸ ਮੌਕੇ ਬੋਹਾ ਸਰਕਲ ਦੇ ਪ੍ਰਧਾਨ ਨਵੀਨ ਕੁਮਾਰ ਕਾਲਾ ਅਤੇ ਕਾਂਗਰਸੀ ਆਗੂ ਚਿਤਵੰਤ ਸਿੰਘ ਰਿਓਂਦ ਨੇ ਵੀ ਭਗਵੰਤ ਮਾਨ ਸਰਕਾਰ ਦੀ ਬਦਲਾਖੋਰੀ ਨੀਤੀ ਦੀ ਨਿੰਦਿਆ ਕੀਤੀ।