ਚੰਡੀਗੜ, 12 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਨੀ ਦਿਓਲ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ ’ਤੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੂੰ ‘ਰੀਲ’ (ਫਿਲਮੀ) ਜ਼ਿੰਦਗੀ ਤੋਂ ਨਿਕਲ ਕੇ ‘ਰੀਅਲ’ (ਅਸਲੀ) ਜ਼ਿੰਦਗੀ ਜਿਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਆਪਣਾ ‘ਢਾਈ ਕਿਲੋ ਦਾ ਹੱਥ’ ਕਿਸਾਨਾਂ ਦੇ ਹੱਕ ਵਿੱਚ ਚੁੱਕੇ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਆਪਣੇ ਆਪ ਨੂੰ ਖੇਤਾਂ ਦਾ ਪੁੱਤ ਕਹਾਉਣ ਵਾਲੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਖੇਤੀ ਵਿਰੋਧੀ ਕਾਨੂੰਨਾਂ ਦੇ ਅਮਲ ਵਿੱਚ ਆਉਣ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਜਾਗੇ ਹਨ ਪਰ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਸਿੱਧੇ ਰੂਪ ਵਿੱਚ ਕਿਸਾਨਾਂ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਹਨ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਲੋਕ ਸਭਾ ਮੈਂਬਰ ਨੇ ਗੁਰਦਾਸਪੁਰ ਹਲਕੇ ਦੇ ਲੋਕਾਂ ਖਾਸ ਕਰਕੇ ਕਿਸਾਨਾਂ/ਮਜ਼ਦੂਰਾਂ/ਆੜਤੀਆ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਜਿਨਾਂ ਨੇ ਉਸ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਸੀ। ਉਨਾਂ ਕਿਹਾ ਕਿ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਹੈ ਪਰ ਸੰਨੀ ਦਿਓਲ ਨੇ ਆਪਣੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਸੰਘਰਸ਼ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਲਿਖੇ-ਲਿਖਾਏ ਡਾਇਲਾਗ ਬੋਲਣ ਵਿੱਚ ਹੀ ਮਾਹਿਰ ਹੈ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਚੋਣਾਂ ਵੇਲੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਹੋਣ ਦੇ ਦਾਅਵਾ ਕਰਨ ਵਾਲਾ ਸੰਨੀ ਦਿਓਲ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣਦਾ ਅਤੇ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਅਪਾਨਤ ਕੀਤੇ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਖੜਦਾ। ਉਨਾਂ ਕਿਹਾ ਕਿ ਪੰਜ ਮਹੀਨਿਆਂ ਬਾਅਦ ਅੱਜ ਉਹ ਕਿਹੜੇ ਮੂੰਹ ਨਾਲ ਕਿਸਾਨਾਂ ਨੂੰ ਸਲਾਹਾਂ ਦੇ ਰਿਹਾ ਹੈ ਜਦੋਂ ਕਿ ਲੋੜ ਵੇਲੇ ਉਹ ਗੁਰਦਾਸਪੁਰ ਛੱਡ ਕੇ ਮੁੰਬਈ ਬੈਠਾ ਰਿਹਾ। ਉਨਾਂ ਕਿਹਾ ਕਿ ਜੇਕਰ ਸੰਨੀ ਦਿਓਲ ਨੂੰ ਪੰਜਾਬ ਦੇ ਕਿਸਾਨਾਂ ਪ੍ਰਤੀ ਰਤੀ ਭਰ ਵੀ ਹੇਜ ਹੈ ਤਾਂ ਉਹ ਦਿੱਲੀ ਬੈਠੇ ਹਾਕਮਾਂ ਕੋਲ ਖੇਤੀ ਕਾਨੂੰਨ ਰੱਦ ਕਰਨ ਅਤੇ ਪੰਜਾਬ ਵਿੱਚ ਲਾਈ ਅਣਐਲਾਨੀ ਆਰਥਿਕ ਨਾਕਾਬੰਦੀ ਹਟਾਉਣ ਲਈ ਚਾਰਾਜੋਈ ਕਰੇ।