*ਸੁਖਜਿੰਦਰ ਰੰਧਾਵਾ ਵੱਲੋਂ ਪੁਲਿਸ ਨਾਕਿਆਂ ਦੀ ਅਚਨਚੇਤ ਚੈਕਿੰਗ, 3 ਪੁਲਿਸ ਵਾਲੇ ਸਸਪੈਂਡ*

0
57

ਫਿਲੌਰ 28,ਅਕਤੂਬਰ (ਸਾਰਾ ਯਹਾਂ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੀਟੀ ਰੋਡ ਉਤੇ ਲੱਗੇ ਨਾਕਿਆਂ ਦੀ ਅਸਲ ਸਥਿਤੀ ਜਾਣਨ ਤੇ ਸੜਕ ਉੱਪਰ ਭੀੜ ਵਾਲੀਆਂ ਥਾਂਵਾਂ ਉਤੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲੈਣ ਲਈ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਰੰਧਾਵਾ ਨੇ 3 ਪੁਲਿਸ ਵਾਲੇ ਸਸਪੈਂਡ ਕੀਤੇ।

ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਟ੍ਰੈਫ਼ਿਕ ਵਿਵਸਥਾ ਲਈ ਪੁਲਿਸ ਦੇ ਢਿੱਲੇ ਪ੍ਰਬੰਧਾਂ ਉਤੇ ਨਾਖੁਸ਼ੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁਲ ਪਾਰ ਕਰਨ ਸਾਰ ਫਿਲੌਰ (ਜਲੰਧਰ ਜ਼ਿਲ੍ਹਾ) ਵਿੱਚ ਜੀਟੀ ਰੋਡ ਉੱਪਰ ਪੁਲਿਸ ਨਾਕੇ ਉਤੇ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਅਵੇਸਲੇਪਣ ਨਾਲ ਦਿੱਤੀ ਜਾ ਰਹੀ ਡਿਊਟੀ ਦਾ ਨੋਟਿਸ ਲੈਂਦਿਆਂ ਮੁਸਤੈਦੀ ਨਾਲ ਡਿਊਟੀ ਕਰਨ ਲਈ ਕਿਹਾ।

ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੁਲਿਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਉੱਥੇ ਰਾਹਗੀਰਾਂ ਨੂੰ ਟ੍ਰੈਫ਼ਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।

ਜਲੰਧਰ (ਦਿਹਾਤੀ) ਦੇ ਸੀਨੀਅਰ ਕਪਤਾਨ ਪੁਲੀਸ ਸਤਿੰਦਰ ਸਿੰਘ ਨੇ ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਰੰਧਾਵਾ ਜੀਟੀ ਰੋਡ ‘ਤੇ ਹਾਈਵੇਅ ‘ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਨਾਕਿਆਂ (ਪੋਸਟਾਂ) ਦੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਸਬੰਧੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ ਸੀ। ਜਿਸ ਤੋਂ ਬਾਅਦ ਲਾਪਰਵਾਹੀ ਲਈ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਰੰਧਾਵਾ ਨੇ ਫਿਲੌਰ ਹਾਈਟੈਕ ਚੌਕੀ ਨੂੰ ਪਾਰ ਕੀਤਾ ਤਾਂ ਉਨ੍ਹਾਂ ਨੂੰ ਉੱਥੇ ਕੋਈ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਕਾਫਲੇ ਨੂੰ ਉੱਥੇ ਹੀ ਰੋਕ ਲਿਆ।

ਉਨ੍ਹਾਂ ਨੇ ਦੇਖਿਆ ਕਿ ਉੱਥੇ ਬਣੀ ਚੌਕੀ ਦੇ ਕੋਲ ਇੱਕ ਕਮਰੇ ‘ਚ ਪੁਲਿਸ ਮੁਲਾਜ਼ਮ ਮੌਜੂਦ ਸੀ। ਇਸ ਸਬੰਧੀ ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕੇ। ਰੰਧਾਵਾ ਨੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੂਰੀ ਚੌਕਸੀ ਵਰਤੀ ਜਾਵੇ ਅਤੇ ਸੁਚਾਰੂ ਟ੍ਰੈਫਿਕ ਪ੍ਰਬੰਧ ਯਕੀਨੀ ਬਣਾਏ ਜਾਣ |

LEAVE A REPLY

Please enter your comment!
Please enter your name here