ਬੁਢਲਾਡਾ 8 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ): ਪੁਲਿਸ ਦੀਆਂ ਲੋਕਾਂ ਨਾਲ ਵਧੀਕੀਆਂ, ਉਸਦੀ ਅਪਰਾਧੀ ਪ੍ਰਵਿਰਤੀ ਤੇ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਸੀ.ਪੀ.ਆਈ. ਵੱਲੋਂ ਸ਼ਹਿਰੀ ਥਾਣਾ ਬੁਢਲਾਡਾ ਅੱਗੇ ਵਿਸ਼ਾਲ ਰੋਹ ਭਰਪੂਰ ਰੋਸ ਧਰਨਾ ਲਾਇਆ ਗਿਆ। ਜਿਸਦੀ ਪ੍ਰਧਾਨਗੀ ਤਹਿਸੀਲ ਸਕੱਤਰ ਵੇਦ ਪ੍ਰਕਾਸ਼ ਵੱਲੋਂ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ਦੇ ਸਾਬਕਾ ਸੂਬਾ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੁਲਿਸ ਦੀ ਮਾਨਸਿਕਤਾ ਅਪਰਾਧੀ ਹੋ ਚੁੱਕੀ ਹੈ, ਆਮ ਲੋਕਾਂ ਤੇ ਇਸ ਵਿਚਕਾਰ ਦੂਰੀਆਂ ਵਧ ਗਈਆਂ ਹਨ। ਆਮ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ਼ ਉੱਠ ਚੁੱਕਾ ਹੈ ਕਿ ਉਹ ਸਾਡੀ ਜਾਨ, ਮਾਲ ਦੀ ਰਾਖੀ ਕਰੇਗੀ? ਸ਼ਰੀਫ ਅਤੇ ਅਮਨ ਪਸੰਦ ਸ਼ਹਿਰੀ ਪੁਲਿਸ ਤੋਂ ਸੁਰੱਖਿਆ ਦੀ ਬਜਾਏ ਉਲਟਾ ਇਸ ਤੋ ਭੈ-ਭੀਤ ਹੋ ਰਹੇ ਹਨ। ਅਮਨ ਸਕੌਡਾ ਵਰਗੇ ਫਿਕਸਰ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਇਸ ਦੀ ਗ੍ਰਿਫਤ ਤੋਂ ਬਾਹਰ ਹਨ। ਜੇਕਰ ਉਕਤ ਚਿੰਤਾਜਨਕ ਵਰਤਾਰੇ ਨੂੰ ਸਮਾਂ ਰਹਿੰਦੇ ਨਾ ਰੋਕਿਆ ਗਿਆ ਤਾਂ ਸਥਿਤੀ ਭਿਆਨਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਾਲੇ ਦੌਰ ਸਮੇਂ ਦਿੱਤੀਆਂ ਖੁੱਲ੍ਹਾਂ ਅੱਜ ਵੀ ਉਨ੍ਹਾਂ ਦੇ ਕੰਮ ਸਭਿਆਚਾਰ ਦਾ ਹਿੱਸਾ ਹਨ। ਪੰਜਾਬ ਵਿੱਚ ਕਿਡਨੈਪਿੰਗ ਤੇ ਫਰੌਤੀਆਂ ਆਮ ਵਰਤਾਰਾ ਹੈ। ਜਿੰਨੇ ਵੀ ਅਪਰਾਧ ਹੋ ਰਹੇ ਹਨ, ਮਾਰੂ ਨਸ਼ੇ ਵਿਕ ਰਹੇ ਹਨ ਕੇਵਲ ਤੇ ਕੇਵਲ ਪੁਲਿਸ ਦੀ ਮਿਲੀਭੁਗਤ ਦਾ ਨਤੀਜਾ ਹਨ। ਸਮਾਜ ਵਿਰੋਧੀ ਤੱਤਾਂ ਤੇ ਤਸਕਰਾਂ ਨੇ ਅਸਿੱਧੇ ਢੰਗ ਨਾਲ ਥਾਣਿਆਂ ਤੇ ਕਬਜਾ ਕਰ ਲਿਆ ਹੈ। ਹਰ ਪੱਧਰ ਤੇ ਪੁਲਿਸ ਵਿੱਚ ਨਜਾਇਜ ਢੰਗ ਨਾਲ ਪੈਸਾ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ। ਲੁੱਟੇ- ਕੁੱਟੇ, ਡਰਾਏ, ਧਮਕਾਏ ਲੋਕ ਫਰਿਆਦ ਕਰਨ ਤੋਂ ਸੰਕੋਚ ਕਰਦੇ ਹਨ ਕਿਉਂਕਿ ਉਹਨਾਂ ਨੂੰ ਇਨਸਾਫ ਦੀ ਬਜਾਏ ਹੋਰ ਬੇਇੱਜਤ ਹੋਣ ਦਾ ਡਰ ਸਤਾਉਣ ਲੱਗਦਾ ਹੈ। ਅਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਪੁਲਿਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਰਾਜ ਕਰਦੀ ਧਿਰ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਕਮਿਊਨਿਸਟ ਆਗੂ ਨੇ ਆਪਣੇ ਭਾਸ਼ਣ ਵਿੱਚ ਸਵੀਕਾਰ ਕੀਤਾ ਕਿ ਪੁਲਿਸ ਦਾ ਵੱਡਾ ਹਿੱਸਾ ਨਿਰਪੱਖ, ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ ਪ੍ਰੰਤੂ ਹਰ ਪੱਧਰ ਤੇ ਕਾਲੀਆਂ ਭੇਡਾਂ ਦੀ ਵੀ ਕਮੀ ਨਹੀਂ ਹੈ ਜਿੰਨਾਂ ਕਰਕੇ ਪੁਲਿਸ ਦਾ ਅਕਸ ਖਰਾਬ ਹੋ ਰਿਹਾ ਹੈ। ਉਹਨਾਂ ਇੱਕ ਨਵਾਂ ਇੰਨਕਸਾਫ ਕੀਤਾ ਕਿ ਥਾਣਿਆਂ ਤੋਂ ਲੈ ਕੇ ਜਿਲ੍ਹਾ ਪੱਧਰ ਤੱਕ ਗੈਰ ਕਾਨੂੰਨੀ ਐਮ.ਸੀ.ਓ. (ਮਨੀ ਕੁਲੈਕਟਿੰਗ ਅਫਸਰਾਂ) ਦੀਆਂ ਪੋਸਟਾਂ ਸਥਾਪਿਤ ਕਰ ਦਿੱਤੀਆਂ। ਹਰਦੇਵ ਸਿੰਘ ਅਰਸ਼ੀ ਨੇ ਭਾਸ਼ਣ ਦੀ ਲਗਾਤਾਰਤਾ ਵਿੱਚ ਕਿਹਾ ਕਿ ਪੰਜਾਬ ਵਿੱਚੋਂ ਜਿਲ੍ਹਾ ਮਾਨਸਾ ਦੀ ਸਥਿਤੀ ਤਰਸਯੋਗ ਹੈ, ਲਗਦਾ ਹੈ ਕਿ ਇਸ ਦਾ ਕੋਈ ਵਾਲੀ ਵਾਰਸ ਨਹੀਂ ਹੈ, ਥਾਣੇ ਲਾਵਾਰਸ ਅਤੇ ਬੇਲਗਾਮ ਹੋਏ ਨਜਰ ਆਉਂਦੇ ਹਨ। ਮਾਨਸਾ ਜਿਲ੍ਹੇ ਦੇ ਪੁਲਿਸ ਅਫਸਰਾਂ ਦਾ ਇੱਕ ਹਿੱਸਾ ਦਫਤਰਾਂ ਵਿੱਚ ਬੈਠ ਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਪਸੰਦ ਨਹੀਂ ਕਰਦਾ ਬਲਕਿ ਭੇਦਭਰੇ ਕੰਮਾਂ ਵਿੱਚ ਮਸ਼ਰੂਫ ਰਹਿੰਦਾ ਹੈ। ਨਿੱਜੀ ਤੇ ਜਨਤਕ ਜਾਇਦਾਦ ਤੇ ਪੁਲਿਸ ਦੀ ਸ਼ਹਿ ਨਾਲ ਨਜਾਇਜ ਕਬਜੇ ਹੋ ਰਹੇ ਹਨ। ਅੰਤ ਵਿੱਚ ਅਰਸ਼ੀ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਅਗਲੇ ਹਫਤੇ ਡੀ.ਜੀ.ਪੀ. ਸਾਹਿਬ ਨੂੰ ਨਿੱਜੀ ਰੂਪ ਵਿਚ ਮਿਲ ਕੇ ਮਾਨਸਾ ਜਿਲ੍ਹੇ ਦੀ ਹਾਲਤ ਤੋਂ ਜਾਣੂ ਕਰਵਾਇਆ ਜਾਵੇਗਾ। ਪੁਲਿਸ ਤੋਂ ਡਰਨ ਦੀ ਬਜਾਣੇ ਜਦੋਂ ਵੀ ਧੱਕਾ ਹੋਵੇ ਤਾਂ ਜਥੇਬੰਦ ਹੋ ਕੇ ਪੁਰਅਮਨ ਵਿਰੋਧ ਕਰੋ। ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਸੀ.ਪੀ.ਆਈ. 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਭਾਰਤ ਬੰਦ ਦਾ ਡਟ ਕੇ ਸਹਿਯੋਗ ਕਰੇਗੀ। ਐਡਵੋਕੇਟ ਸਵਰਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਦੀਆਂ ਵਧੀਕੀਆਂ ਦੇ ਕੇਸ ਮੁਫਤ ਲੜੇ ਜਾਣਗੇ। ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਨੇ ਕਿਹਾ ਕਿ ਪੁਲਿਸ ਤੋਂ ਆੜ੍ਹਤੀ ਅਤੇ ਵਪਾਰੀ ਵਰਗ ਵੀ ਪ੍ਰੇਸ਼ਾਨ ਹੈ ਕਿ ਉਹਨਾਂ ਨੂੰ ਨਜਾਇਜ ਵਗਾਰ ਲਈ ਮਜਬੂਰ ਕੀਤਾ ਜਾਂਦਾ ਹੈ। ਕਿਸਾਨ ਆਗੂ ਸੀਤਾ ਰਾਮ ਤੇ ਮਲਕੀਤ ਮੰਦਰਾਂ ਨੇ ਯਕੀਨ ਦਿਵਾਇਆ ਕਿ ਪੁਲਿਸ ਜਬਰ ਦਾ ਸ਼ਿਕਾਰ ਹੋਏ ਲੋਕਾਂ ਦੀ ਬਾਂਹ ਫੜਨਗੇ। ਇਸ ਸਮੇਂ ਧਰਨੇ ਨੂੰ ਜੱਗਾ ਸ਼ੇਰਖਾਂ ਵਾਲਾ, ਗੋਰਾ ਟਾਹਲੀਆਂ, ਮਲਕੀਤ ਬਖਸ਼ੀਵਾਲਾ, ਚਿਮਨ ਲਾਲ ਕਾਕਾ ਬੁਢਲਾਡਾ, ਬੰਬੂ ਸਿੰਘ, ਮਨਜੀਤ ਗਾਮੀਵਾਲਾ, ਸਿਮਰਜੀਤ, ਹਰੀ ਸਿੰਘ ਅੱਕਾਂਵਾਲੀ, ਹਰਮੀਤ ਬੋੜਾਵਾਲ, ਬਲਵੀਰ ਗੁਰਨੇ ਖੁਰਦ, ਭੁਪਿੰਦਰ ਗੁਰਨੇ, ਮੱਖਣ ਰੰਘੜਿਆਲ, ਸੁਲੱਖਣ ਕਾਹਨਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ।*ਫੋਟੋ: ਬੁਢਲਾਡਾ: ਧਰਨੇ ਦੌਰਾਨ ਸੀ ਪੀ ਆਈ ਦੀ ਲੀਡਰਸਿਪ ਅਤੇ ਲੋਕ*