
ਮਾਨਸਾ, 18 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਕੈਂਪ ਇੰਚਾਰਜ ਸੀ-ਪਾਈਟ ਬੋੜਾਵਾਲ ਸ਼੍ਰੀ ਲਾਭ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਵਾਲੇ ਚਾਹਵਾਨ ਨੌਜਵਾਨਾਂ ਲਈ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ 15 ਮਈ 2020 ਤੋਂ ਆਨ-ਲਾਈਨ ਕਲਾਸਾਂ ਰਾਹੀਂ ਫੌਜ ਦੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ।
ਕੈਂਪ ਇੰਚਾਰਜ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਤ 18 ਨੌਜਵਾਨਾਂ ਨੂੰ ਆਨ-ਲਾਈਨ ਲਿਖਤੀ ਪੇਪਰ ਦੀ ਟ੍ਰੇਨਿੰਗ ਕਾਲਝਰਾਨੀ (ਬਠਿੰਡਾ) ਦੇ ਟ੍ਰੇਨਰਾਂ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀਆਂ ਕਲਾਸਾਂ ਦਾ ਰਿਜਲਟ ਸ਼ਲਾਘਾਯੋਗ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲਾਸਾਂ ਵਿੱਚ ਫੌਜ ਦੇ ਪੇਪਰ ਵਿੱਚ ਆਉਣ ਵਾਲੇ ਸਾਰੇ ਵਿਸ਼ਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ।
ਸ਼੍ਰੀ ਲਾਭ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਫੌਜ ਦੀਆਂ ਭਰਤੀਆਂ ਰੈਲੀਆਂ ਸ਼ਾਰਟ ਨੋਟਿਸ ਵਿੱਚ ਸ਼ੁਰੂ ਹੋਣਗੀਆਂ, ਜਿਸ ਕਰਕੇ ਯੁਵਕਾਂ ਨੂੰ ਭਰਤੀ ਰੈਲੀਆਂ ਦੀ ਤਿਆਰੀ ਲਈ ਪੂਰਾ ਸਮਾਂ ਨਹੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਨੌਜਵਾਨਾਂ ਨੂੰ ਇਨ੍ਹਾਂ ਆਨ-ਲਾਈਨ ਕਲਾਸਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਕਿਸੇ ਵੀ ਵਧੇਰੀ ਜਾਣਕਾਰੀ ਲਈ ਮੋਬਾਇਲ ਨੰਬਰ 98150-77512, 82838-80131, 98722-74085 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
