
ਅੰਮ੍ਰਿਤਸਰ 19,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਅੱਜ ਪੰਜਾਬ ‘ਚ ਈਡੀ (ED Raid in Punjab) ਵੱਲੋਂ ਕੀਤੀ ਗਈ ਰੇਡ ਤੇ ਪੈਸਿਆਂ ਦੀ ਬਰਾਮਦਗੀ (seized money) ਬਾਰੇ ਕਿਹਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕਹਿ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ (Charanjit Singh Channi) ਸਭ ਤੋ ਵੱਡਾ ਸੈਂਡ ਮਾਫੀਆ ਹੈ। ਇਹ ਰੇਡ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਈ ਹੈ। ਜੇਕਰ ਰੇਡ ਚੰਨੀ ਦੇ ਘਰ ਹੁੰਦੀ ਤਾਂ ਸੌ ਕਰੋੜ ਰੁਪਏ ਮਿਲਣੇ ਸਨ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਇੰਟੈਂਲੀਜੈਂਸ ਵੱਲੋਂ ਸੀਐਮ ਚੰਨੀ ਨੂੰ ਰੇਡ ਦੀ ਜਾਣਕਾਰੀ ਪਹਿਲਾਂ ਦੇ ਦਿੱਤੀ ਸੀ, ਜਿਸ ਕਰਕੇ ਚੰਨੀ ਨੇ ਮਨੀ ਲਾਂਡਰਿੰਗ ਕਰਕੇ ਪੈਸੇ ਸੰਭਾਲ ਲਏ। ਸੁਖਬੀਰ ਬਾਦਲ ਕਾਂਗਰਸ ਵੱਲੋਂ ਇਸ ਨੂੰ ਸਿਆਸੀ ਬਦਲਾਖੋਰੀ ਕਹੇ ਜਾਣ ਦੇ ਸਵਾਲ ਦੇ ਜਵਾਬ ‘ਚ ਪੁੱਛਿਆ ਕਿ ਆਖਰ ਇਹ 10 ਕਰੋੜ ਰੁਪਏ ਕਿੱਥੋਂ ਆਏ ਕਿਉਂਕਿ ਚੰਨੀ ਦੇ ਰਿਸ਼ਤੇਦਾਰ ਕੋਲ ਤਾਂ ਇੱਕ ਏਕੜ ਵੀ ਜ਼ਮੀਨ ਨਹੀਂ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਠਿਕਾਣਿਆਂ ‘ਤੇ ਛਾਪਾ ਮਾਰਿਆ ਹੈ। ਈਡੀ ਦੇ ਸੂਤਰਾਂ ਮੁਤਾਬਕ ਮੁਹਾਲੀ ਸਥਿਤ ਹੋਮਲੈਂਡ ਸੁਸਾਇਟੀ ਦੇ ਜਿਸ ਘਰ ‘ਤੇ ਛਾਪਾ ਮਾਰਿਆ ਗਿਆ ਸੀ, ਉਹ ਸੀਐਮ ਚੰਨੀ ਦਾ ਕਰੀਬੀ ਦੱਸਿਆ ਜਾਂਦਾ ਹੈ।
ਹਾਲਾਂਕਿ ਈਡੀ ਨੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਿਸ ਦਾ ਨਜ਼ਦੀਕੀ ਰਿਸ਼ਤੇਦਾਰ ਸੀਐਮ ਚੰਨੀ ਦੇ ਸਾਲੇ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਉਸ ਦਾ ਨਾਮ ਭੁਪਿੰਦਰ ਸਿੰਘ ਹਨੀ ਹੈ। ਸਾਲ 2018 ‘ਚ ਈਡੀ ਨੇ ਕੁਦਰਤ ਦੀਪ ਸਿੰਘ ਖਿਲਾਫ ਰੇਤ ਮਾਈਨਿੰਗ ਦਾ ਫਾਰਮ ਭਰਿਆ ਸੀ, ਜਿਸ ‘ਚ ਹਨੀ ਦਾ ਨਾਂ ਆਇਆ ਸੀ। ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ।
