
ਮਾਨਸਾ, 10 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ ਸਿਸਟਮ ਨਗਰ ਕੌਂਸਲ, ਸੀਵਰੇਜ ਬੋਰਡ ਦੀ ਬੇਧਿਆਨੀ ਅਤੇ ਨਲਾਇਕੀ ਕਰਕੇ ਵੱਡੀ ਸਮੱਸਿਆ ਬਣਿਆ ਹੋਇਆ ਹੈ,ਬੇਸ਼ੱਕ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਅਮ੍ਰਿਤਪਾਲ ਗੋਗਾ , ਰਾਮਪਾਲ ਸਿੰਘ ਬੱਪੀਆਣਾ, ਹੰਸਾ ਸਿੰਘ ਤੇ ਅਜੀਤ ਸਿੰਘ ਸਰਪੰਚ ਦੀ ਅਗਵਾਈ ਹੇਠ ਰੋਸ਼ ਧਰਨਾ ਜਾਰੀ ਹੈ। ਸੀਵਰੇਜ ਦਾ ਹੱਲ ਹੋਣ ਦੀ ਬਜਾਏ ਲਗਾਤਾਰ ਗੰਦਾ ਪਾਣੀ ਸੜਕਾਂ ਤੇ ਆ ਚੁੱਕਾ ਹੈ, ਰਾਹਗੀਰ, ਦੁਕਾਨਦਾਰਾਂ ਤੇ ਸ਼ਹਿਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਤ ਮਹਿਕਮਾ ਤੇ ਸਰਕਾਰ ਖਾਮੋਸ਼ ਵਿਖਾਈ ਦੇ ਰਿਹਾ ਹੈ। ਜਿਸ ਕਰਕੇ ਸੀਵਰੇਜ ਸੰਘਰਸ਼ ਕਮੇਟੀ ਲਗਾਤਾਰ ਸ਼ਹਿਰੀਆਂ ਤੇ ਪੀੜਤ ਲੋਕਾਂ ਨੂੰ ਜਾਗਰੂਕ ਕਰਕੇ ਇਸ ਦੇ ਪੱਕੇ ਹੱਲ ਲਈ ਲਾਮਬੰਦ ਕਰਕੇ ਸੰਘਰਸ਼ ਲਈ ਪ੍ਰੇਰਿਤ ਕਰ ਰਹੀ ਹੈ।
ਸੀਵਰੇਜ ਸਿਸਟਮ ਹਾਲੋਂ ਬੇਹਾਲ ਹੈਂ, ਗੰਦਾ ਪਾਣੀ ਤੇ ਪੀੜਤ ਲੋਕ ਸੜਕਾਂ ਤੇ ਹਨ, ਸੀਵਰੇਜ ਬੋਰਡ ਤੇ ਨਗਰ ਕੌਂਸਲ ਖਾਮੋਸ਼ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਵਾਰਡ ਨੰਬਰ 6 ਕੁਰੜ ਦੇ ਟਿੱਬੇ ਤੇ ਰੋਸ ਪ੍ਰਦਰਸ਼ਨ ਮੌਕੇ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਅਤੇ ਪੱਕੇ ਹੱਲ ਸਬੰਧੀ ਸ਼ਹਿਰ ਵਾਸੀਆਂ ਨੂੰ ਸੰਘਰਸ਼ ਵਿੱਚ ਸ਼ਾਮਲ ਹੋ ਕੇ ਸਾਥ ਦੀ ਅਪੀਲ ਕੀਤੀ ਗਈ।
ਇਸ ਸਮੇਂ ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਅਮ੍ਰਿਤਪਾਲ ਗੋਗਾ, ਅਮ੍ਰਿਤਪਾਲ ਕੂਕਾ, ਕਾਮਰੇਡ ਰਤਨ ਭੋਲਾ, ਨੋਜਵਾਨ ਸਭਾ ਦੇ ਹਰਪ੍ਰੀਤ ਸਿੰਘ ਮਾਨਸਾ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹਿਰੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਨਾ ਕੋਈ ਗੱਲਬਾਤ ਕੀਤੀ ਜਾ ਰਹੀ ਹੈ। ਜਿਸ ਦੇ ਰੋਸ ਵਜੋਂ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਜਮਹੂਰੀ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 12 ਜਨਵਰੀ ਨੂੰ ਠੀਕਰੀਵਾਲਾ ਚੌਕ ਤੋਂ ਸਥਾਨਕ ਵਿਧਾਇਕ ਦੀ ਰਿਹਾਇਸ਼ ਤੱਕ ਰੋਸ਼ ਮਾਰਚ ਕਰਕੇ ਸਰਕਾਰ ਦੀ ਅਰਥੀ ਫੂਕੀ ਜਾਵੇਗੀ।
ਇਸ ਮੌਕੇ ਟਹਿਲ ਸਿੰਘ, ਲਾਭ ਸਿੰਘ ਤੋਂ ਇਲਾਵਾ ਵਾਰਡ ਦੀਆਂ ਬੀਬੀਆਂ ਤੇ ਸਾਥੀ ਸ਼ਾਮਲ ਹੋਏ।
