
ਚੰਡੀਗੜ੍ਹ, 10 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦਿਆਂ ਪੰਜਾਬ ਸਰਕਾਰ ਵੱਲੋਂ ਬਟਾਲਾ ਕਸਬੇ ਲਈ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਵਾਸਤੇ 127.99 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਸ ਪ੍ਰਾਜੈਕਟ ਦੇ ਕੰਮ-ਕਾਜ ਦਾ ਜਾਇਜ਼ਾ ਲਿਆ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਾਜੈਕਟ ਦੇ ਕੰਮ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਨਿੱਜਰ ਨੇ ਦੱਸਿਆ ਕਿ ਬਟਾਲਾ ਸ਼ਹਿਰ ਦਾ ਲਗਭਗ 160 ਕਿਲੋਮੀਟਰ ਖੇਤਰ ਸੀਵਰੇਜ ਨੈੱਟਵਰਕ ਅਧੀਨ ਆਵੇਗਾ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਅਧੀਨ 30 ਐਮ.ਐਲ.ਡੀ. ਦੀ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਮੇਨ ਪੰਪਿੰਗ ਸਟੇਸ਼ਨ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਬਟਾਲਾ ਸ਼ਹਿਰ ਦੀ ਵੱਡੀ ਆਬਾਦੀ ਨੂੰ ਇਸ ਸੀਵਰੇਜ ਸਿਸਟਮ ਦਾ ਲਾਭ ਮਿਲੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੇਨ ਡੇਰਾ ਬਾਬਾ ਨਾਨਕ ਰੋਡ, ਮਾਨ ਨਗਰ, ਡੰਬੀਵਾਲ, ਹਸਨਪੁਰਾ, ਪੁੰਡੇਰ, ਮੁਰਗੀ ਮੁਹੱਲਾ, ਸ਼ੁਕਰਪੁਰਾ, ਸੁੰਦਰ ਨਗਰ, ਮੇਨ ਅਲੀਵਾਲ ਰੋਡ, ਕੱਚਾਕੋਟ ਤੇਲੀਆਂਵਾਲ, ਜੁਝਾਰ ਨਗਰ, ਜਵਾਹਰ ਨਗਰ, ਖਤੀਬ, ਅੱਲੋਵਾਲ ਪਿੰਡ, ਅੰਮ੍ਰਿਤਸਰ ਰੋਡ, ਧੀਰ ਰੋਡ, ਜਲੰਧਰ ਬਾਈਪਾਸ ਰੋਡ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਰਮਾਨ ਰਿਜ਼ੋਰਟ ਦੇ ਨਾਲ ਲੱਗਦੇ ਇਲਾਕੇ, ਮਲਾਵੇ ਦੀ ਕੋਠੀ, ਬੋਦੇ ਦੀ ਖੁਈ, ਮੇਨ ਜਲੰਧਰ ਰੋਡ, ਨਵਰੂਪ ਨਗਰ, ਨਰਾਇਣ ਨਗਰ, ਗੁਰੂ ਨਾਨਕ ਕਾਲਜ ਦਾ ਪਿਛਲਾ ਪਾਸਾ, ਗੁਰੂ ਨਾਨਕ ਅਕੈਡਮੀ ਦਾ ਪਿਛਲਾ ਪਾਸਾ, ਸ੍ਰੀ ਹਰਗੋਬਿੰਦਪੁਰ ਰੋਡ, ਕਾਹਨੂੰਵਾਨ ਰੋਡ ਦੇ ਨਾਲ ਲੱਗਦੇ ਇਲਾਕੇ, ਝਾੜੀਆਂਵਾਲ, ਪ੍ਰੇਮ ਨਗਰ, ਸ਼ਾਂਤੀ ਨਗਰ, ਬਸੰਤ ਨਗਰ, ਪ੍ਰੀਤ ਨਗਰ, ਮਾਡਲ ਟਾਊਨ, ਕਾਲਾ ਨੰਗਲ ਰੋਡ, ਦਸਮੇਸ਼ ਨਗਰ, ਕਰਤਾਰ ਨਗਰ ਆਦਿ ਇਲਾਕੇ ਬਟਾਲਾ ਟਾਊਨ ਸੀਵਰੇਜ ਪ੍ਰਾਜੈਕਟ ਤਹਿਤ ਕਵਰ ਕੀਤੇ ਜਾਣਗੇ।
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਕੰਮ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।
