ਮਾਨਸਾ, 30 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸ਼ਹਿਰ ਦੀ ਸੀਵਰੇਜ਼ ਦੇ ਸਮੱਸਿਆ ਦੇ ਹੱਲ ਲਈ ਸਥਾਨਕ ਲੱਛਮੀ ਨਰਾਇਣ ਮੰਦਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਕਾਮਰੇਡ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 3 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿਚ ਸੀਵਰੇਜ਼ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਇਕ ਗੰਭੀਰ ਮਸਲਾ ਹੈ, ਜਿਸ ਦਾ ਫੌਰੀ ਹੱਲ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਸਲੇ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਬਾਰਸ਼ ਹੋਣ ਕਾਰਨ ਸੀਵਰੇਜ਼ ਅਤੇ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਦਾਖਲ ਹੋਵੇਗਾ ਜਿਸ ਨਾਲ ਸ਼ਹਿਰ ਦੀ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਆਗੂਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਸੀਵਰੇਜ਼ ਦੇ ਪੱਕੇ ਹੱਲ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਸੀਵਰੇਜ਼ ਦੇ ਪਾਣੀ ਨੂੰ ਥਰਮਲ ਲਈ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਲਈ ਅਤੇ ਪੀਣ ਲਈ ਵਰਤਿਆ ਜਾਵੇ। ਉਹਨਾਂ ਕਿਹਾ ਕਿ ਇਸ ਮਸਲੇ ਦੇ ਫੌਰੀ ਹੱਲ ਲਈ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ਼ ਦੇ ਫੌਰੀ ਹੱਲ ਲਈ ਪੱਕੇ ਤੌਰ ਤੇ ਸੁਪਰ ਸ਼ੱਕਰ ਮਸ਼ੀਨ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸੀਵਰੇਜ਼ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕ੍ਰਿਸ਼ਨ ਸਿੰਘ ਚੌਹਾਨ, ਸੁਰੇਸ਼ ਨੰਦਗੜੀਆ, ਰੁਲਦੂ ਸਿੰਘ ਮਾਨਸਾ, ਜਤਿੰਦਰ ਆਗਰਾ , ਵਿਨੋਦ ਭੰਮਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਨਿਰਮਲ ਸਿੰਘ ਝੰਡੂਕੇ, ਮਨਦੀਪ ਸਿੰਘ ਗੋਰਾ, ਰਮੇਸ਼ ਕੁਮਾਰ ਟੋਨੀ, ਰਾਜ ਕੁਮਾਰ, ਸੁਰਿੰਦਰ ਸ਼ਰਮਾ, ਅਰਸ਼ਦੀਪ ਮਾਈਕਲ ਗਾਗੋਵਾਲ, ਗਗਨਦੀਪ ਸਿੰਘ, ਅੰਮ੍ਰਿਤਰਪਾਲ ਗੋਗਾ , ਮਾਸਟਰ ਤਰਸੇਮ ਜੋਗਾ, ਪ੍ਰੇਮ ਕਾਟੀ , ਰਘਵੀਰ ਸਿੰਘ, ਕਰਮ ਸਿੰਘ, ਸਮਿੰਦਰ ਸਿੰਘ, ਰਤਨ ਭੋਲਾ, ਮਨਜੀਤ ਸਿੰਘ ਮੀਹਾਂ, ਐਡਵੋਕੇਟ ਈਸ਼ਵਰ ਦਾਸ, ਮੇਜਰ ਸਿੰਘ ਚੁਣੇ ਗਏ। ਕਮੇਟੀ ਵੱਲੋਂ ਸੋਮਵਾਰ ਨੂੰ ਸ਼ਾਮ ਪੰਜ ਵਜੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਬੁਲਾਈ ਗਈ ਹੈ ਤਾਂ ਜ਼ੋ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਜਥੇਬੰਦੀਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾ ਸਕੇ।