ਮਾਨਸਾ 14 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਲੱਗੇ ਧਰਨੇ ਦੇ 14ਵੇਂ ਦਿਨ ਅੱਜ ਸ਼ਤੀਸ਼ ਮਹਿਤਾ ਜਿੰਨਾ ਦੀ ਪਤਨੀ ਕੁਲਵਿੰਦਰ ਕੌਰ ਮਹਿਤਾ ਵਾਰਡ ਨੰਬਰ 5 ਦੇ ਮੌਜੂਦਾ ਮਿਉਂਸਪਲ ਕੌਂਸਲਰ ਹਨ ਉਹ ਵੀ ਸਮੱਸਿਆ ਦਿਨੋਂ ਦਿਨ ਵਧਣ ਕਰਕੇ ਧਰਨੇ ਤੇ ਬੈਠ ਗਏ। ਸੀਨੀਅਰ ਸਿਟੀਜਨ ਆਗੂ ਬਿੱਕਰ ਸਿੰਘ ਮਘਾਣੀਆਂ, ਪਾਲਾ ਰਾਮ, ਮੇਜਰ ਸਿੰਘ ਕਲਿਹਰੀ ਅਤੇ ਮੇਜਰ ਸਿੰਘ ਵੀ ਉਹਨਾਂ ਨਾਲ ਅੱਜ ਲੜੀਵਾਰ ਭੁੱਖ ਹੜਤਾਲ ਤੇ ਬੈਠੇ। ਬਿੱਕਰ ਸਿੰਘ ਮਘਾਣੀਆਂ ਨੇ ਨਗਰ ਕੌਂਸਲ ਵਲੋਂ ਚੋਣ ਜ਼ਾਬਤੇ ਦੀ ਆੜ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਕਦੇ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਰੋਕ ਨਹੀਂ ਪਾਉਂਦਾ ਹੈ ਤੇ ਜੇਕਰ ਕੋਈ ਰੋਕ ਹੈ ਤਾਂ ਧਰਨੇ ਤੇ ਬੈਠਣ ਤੋਂ 14 ਦਿਨ ਬਾਅਦ ਤੱਕ ਤਾਂ ਉਸ ਨੂੰ ਦੂਰ ਕਰਨ ਲਈ ਪੱਤਰ ਲਿਖ ਕੇ ਮਨਜ਼ੂਰੀ ਲਈ ਜਾ ਸਕਦੀ ਸੀ। ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਮਰਨ ਵਰਤ ਤੇ ਵੀ ਬੈਠ ਜਾਣਗੇ ਤੇ ਉਹਨਾਂ ਨਾਲ ਹੋਰ ਬਹੁਤ ਸਾਰੇ ਸੀਨੀਅਰ ਸਿਟੀਜਨ ਸ਼ਹਿਰ ਦੀ ਸਮੱਸਿਆ ਦੇ ਹੱਲ ਹੱਲ ਲਈ ਆਪਣੀ ਕੁਰਬਾਨੀ ਉਹਨਾਂ ਦੇ ਨਾਲ ਦੇਣ ਲਈ ਤਤਪਰ ਹਨ। ਇਸ ਮੋਕੇ ਕਾਮਰੇਡ ਰਾਜ ਕੁਮਾਰ, ਸੀ ਪੀ ਆਈ ਐਮ ਆਗੂ ਘਨੀ ਸ਼ਾਮ ਨਿੱਕੂ ਸਮੇਤ ਸਾਬਕਾ ਐਮ ਸੀ ਪਾਲਾ ਰਾਮ ਪਰੋਚਾ ਨੇ ਚਕੇਰੀਆਂ ਰੋਡ, ਵੀਰ ਨਗਰ ਮੁਹੱਲਾ ਅਤੇ ਭੱਠਾ ਬਸਤੀ ਦੇ ਲੋਕਾਂ ਨੂੰ ਦਰਪੇਸ਼ ਇਸ ਸਮੱਸਿਆ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਸਾਰੇ ਇਲਾਕਿਆਂ ਦੇ ਲੋਕ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ ਤੇ ਉਹਨਾਂ ਨੂੰ ਮੌਜੂਦਾ ਸਮੇਂ ਹੱਲ ਚਾਹੀਦਾ ਹੈ ਇਕੱਲੇ ਲਾਰਿਆਂ ਨਾਲ ਨਹੀਂ ਸਾਰਿਆ ਜਾ ਸਕਦਾ ਹੈ। ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਅਤੇ ਮਾਨਸਾ ਜ਼ਿਲ੍ਹੇ ਦੇ ਖਜ਼ਾਨਚੀ ਕਾਕਾ ਸਿੰਘ ਨੇ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਗਰਮੀ ਵਿਚ ਆਮ ਲੋਕਾਂ ਨੂੰ ਸੜਕਾਂ ਤੇ ਧਰਨਿਆਂ ਤੇ ਬੈਠਣ ਲਈ ਮਜਬੂਰ ਕਰਨ ਵਾਲੀ ਅਫ਼ਸਰਸ਼ਾਹੀ ਦਾ ਕਿਸਾਨ ਯੂਨੀਅਨ ਡੱਟ ਕੇ ਵਿਰੋਧ ਕਰਦੀ ਹੈ ਤੇ ਜੇਕਰ ਲੋੜ ਪੈਂਦੀ ਹੈ ਤਾਂ ਸੰਘਰਸ਼ ਵਿੱਚ ਸਿੱਧੀ ਸ਼ਮੂਲੀਅਤ ਵੀ ਕਰ ਸਕਦੀ ਹੈ। ਬਹੁਜਨ ਸਮਾਜ ਪਾਰਟੀ ਆਗੂ ਗੁਰਚਰਨ ਸਿੰਘ ਚੱਕ ਬਖਤੂ ਨੇ ਕਿਹਾ ਕਿ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਉਹਨਾਂ ਦੀ ਪਾਰਟੀ ਵੀ ਧਰਨੇ ਦੀ ਹਮਾਇਤ ਕਰਦੀ ਹੈ। ਸਮਾਜਸੇਵੀ ਠੇਕੇਦਾਰ ਰਤਨ ਲਾਲ, ਕਿਸਾਨ ਯੂਨੀਅਨ ਡਕੌਂਦਾ ਧੜੇ ਦੇ ਆਗੂ ਗੁਰਜੀਤ ਸਿੰਘ ਮੱਤੀ, ਕੈਪਟਨ ਬੁੱਧ ਸਿੰਘ ਧਾਲੀਵਾਲ, ਬਲਵੀਰ ਸਿੰਘ, ਪਲਵਿੰਦਰ ਸਿੰਘ, ਬਾਦਸ਼ਾਹ ਸਿੰਘ, ਜਗਸੀਰ ਸਿੰਘ ਢਿੱਲੋਂ, ਜਤਿੰਦਰ ਆਗਰਾ ਸਾਬਕਾ ਐਮ ਸੀ, ਗੁਰਦੇਵ ਸਿੰਘ ਘੁਮਾਣ ਅਤੇ ਕੈਲਾਸ਼ ਮੋਹਨ ਨੇ ਵੀ ਸੰਬੋਧਨ ਕੀਤਾ। ਸ਼ਾਮ ਨੂੰ ਭੁੱਖ ਹੜਤਾਲ ਤੇ ਬੈਠੇ ਵਿਅਕਤੀਆਂ ਦੀ ਭੁੱਖ ਹੜਤਾਲ ਨੂੰ ਜੂਸ ਪਿਲਾਉਣ ਵੇਲੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਬੁੱਧਵਾਰ ਸ਼ਾਮ ਨੂੰ ਮੋਮਬੱਤੀਆਂ ਜਗਾ ਕੇ ਸ਼ਹਿਰ ਵਿਚ ਮਾਰਚ ਕੱਢਿਆ ਜਾਵੇਗਾ ਤਾਂ ਜੋ ਸੁੱਤੇ ਪਏ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੇ ਹੱਲ ਲਈ ਜਗਾਇਆ ਜਾ ਸਕੇ। ਇਸ ਮੋਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਲੋਕਾਂ ਨੂੰ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਇਸ ਮੋਕੇ ਸੰਸਥਾ ਦੇ ਮੈਂਬਰ ਹਰਜੀਵਨ ਸਰਾਂ, ਸ਼ਾਮ ਲਾਲ ਗੋਇਲ, ਓਮ ਪ੍ਰਕਾਸ਼ ਜਿੰਦਲ, ਬਲਰਾਜ ਮਾਨ, ਰਾਜ ਜੋਸ਼ੀ, ਦਰਸ਼ਨ ਪਾਲ ਗਰਗ , ਸ਼ੰਭੂ ਨਾਥ ਗਰਗ, ਨਰਿੰਦਰ ਗੁਪਤਾ ਆਦਿ ਵੀ ਹਾਜ਼ਰ ਸਨ।