*ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੇ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ*

0
54

ਚੰਡੀਗੜ੍ਹ, 14 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਕਈ ਐਵਾਰਡ ਹਾਸਲ 1997 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਖੀ ਗੁਪਤਾ ਭੰਡਾਰੀ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ਼ਿਆ।

ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਅੱਜ ਸਵੇਰੇ ਪੰਜਾਬ ਰਾਜ ਭਵਨ ਵਿਖੇ ਆਪਣੇ ਅਹੁਦੇ ਦਾ ਚਾਰਜ ਲਿਆ।

ਪ੍ਰਸ਼ਾਸਨਿਕ ਹੁਨਰ, ਲੀਡਰਸ਼ਿਪ ਗੁਣਵੱਤਾ ਅਤੇ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਸੰਸਾਯੋਗ ਕੰਮ ਲਈ ਰਾਣੀ ਰੁਦਰਮਾ ਦੇਵੀ ਪੁਰਸਕਾਰ ਦੀ ਸ਼੍ਰੇਣੀ ਤਹਿਤ 2011 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਤੋਂ ਵੱਕਾਰੀ “ਸਤ੍ਰੀ ਸ਼ਕਤੀ ਪੁਰਸਕਾਰ” ਪ੍ਰਾਪਤ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਕੋਲ ਵਿਆਪਕ ਪ੍ਰਸ਼ਾਸਨਿਕ ਤਜਰਬਾ ਹੈ।

ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਰਾਖੀ ਗੁਪਤਾ ਭੰਡਾਰੀ ਨੇ ਜਲ ਸਰੋਤ ਮੰਤਰਾਲੇ, ਨਦੀ ਵਿਕਾਸ ਅਤੇ ਗੰਗਾ ਦੀ ਸੁਰਜੀਤੀ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ, ਬਿਜਲੀ ਮੰਤਰਾਲੇ ਅਤੇ ਕੱਪੜਾ ਮੰਤਰਾਲਾ, ਨਿਫਟ ਦੇ ਡਾਇਰੈਕਟਰ ਵਰਗੇ ਪ੍ਰਮੁੱਖ ਅਹੁਦਿਆਂ ਉਤੇ ਸੇਵਾ ਨਿਭਾਈ। ਉਨ੍ਹਾਂ ਨੂੰ 2001 ਵਿੱਚ ਮਰਦਮਸ਼ੁਮਾਰੀ ਦੇ ਕੰਮ ਲਈ ਭਾਰਤ ਦੇ ਰਾਸ਼ਟਰਪਤੀ ਨੇ ਸਿਲਵਰ ਮੈਡਲ ਨਾਲ ਵੀ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਅਬਜ਼ਰਵਰ ਵਜੋਂ ਭੂਟਾਨ ਵਿੱਚ ਪਹਿਲੀਆਂ ਸੰਸਦੀ ਚੋਣਾਂ ਦੀ ਨਿਗਰਾਨੀ ਕਰਨ ਲਈ ਵੀ ਨਿਯੁਕਤ ਕੀਤਾ ਗਿਆ ਸੀ।
ਲੇਡੀ ਸ਼੍ਰੀ ਰਾਮ ਕਾਲਜ ਨਵੀਂ ਦਿੱਲੀ ਤੋਂ ਗਰੈਜੁਏਟ ਰਾਖੀ ਗੁਪਤਾ ਭੰਡਾਰੀ ਨੂੰ 2015 ਵਿੱਚ ਜਿਨੀਵਾ ਵਿੱਚ 29ਵੀਂ ਅਤੇ 30ਵੀਂ ਸਾਲਾਨਾ ਮਨੁੱਖੀ ਅਧਿਕਾਰ ਕੌਂਸਲ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਵੀ ਹਾਸਲ ਹੋਇਆ ਸੀ। ਉਨ੍ਹਾਂ ਨੇ ਕਤਰ, ਪਾਕਿਸਤਾਨ, ਚੀਨ, ਸੀਰੀਆ ਅਤੇ ਦੁਬਈ ਵਿੱਚ ਅੰਤਰਰਾਸ਼ਟਰੀ ਪ੍ਰਤੀਨਿਧ ਮੰਡਲਾਂ ਵਿੱਚ ਵੀ ਮੈਂਬਰ ਵਜੋਂ ਹਿੱਸਾ ਲਿਆ। ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਪੋਸਟ ਗਰੈਜੁਏਟ ਅਤੇ ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਨਵੀਂ ਦਿੱਲੀ/ਮਦਰਾਸ ਯੂਨੀਵਰਸਿਟੀ ਤੋਂ ਡਿਫੈਂਸ ਅਤੇ ਸਟਰੈਟਜਿਕ ਸਟੱਡੀਜ਼ ਵਿੱਚ ਐਮ. ਫਿਲ ਰਾਖੀ ਗੁਪਤਾ ਭੰਡਾਰੀ ਇੱਕ ਵਧੀਆ ਲੇਖਕ ਅਤੇ ਗਾਇਕ ਵੀ ਹਨ। ਉਨ੍ਹਾਂ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਪ੍ਰਮੁੱਖ ਅਖਬਾਰਾਂ ਤੇ ਰਸਾਲਿਆਂ ਵਿੱਚ ਲੇਖ ਅਤੇ ਕਵਿਤਾਵਾਂ ਵੀ ਪ੍ਰਕਾਸ਼ਿਤ ਕਰਵਾਈਆਂ ਹਨ।

———-

LEAVE A REPLY

Please enter your comment!
Please enter your name here