ਚੰਡੀਗੜ੍ਹ 21,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਨਵੇਂ ਸੀਐਮ ਭਗਵੰਤ ਮਾਨ ਤੇ 10 ਮੰਤਰੀਆਂ ਨਾਲ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ। ਜਾਰੀ ਸੂਚੀ ਮੁਤਾਬਕ ਨਰੇਸ਼ ਪੁਰੰਗ ਨੂੰ ਮੁੱਖ ਮੰਤਰੀ ਨਾਲ ਸਕੱਤਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਮੰਤਰੀ ਹਰਪਾਲ ਚੀਮਾ ਦੇ ਪੀਏ ਹੋਣਗੇ
ਬਾਕੀ ਮੰਤਰੀਆਂ ਡਾ. ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ. ਵਿਜੇ ਸਿੰਗਲਾ, ਲਾਲਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਜਿੰਪਾ ਤੇ ਹਰਜੋਤ ਬੈਂਸ ਨਾਲ ਵੀ ਸਟਾਫ਼ ਨਿਯੁਕਤ ਕੀਤਾ ਗਿਆ ਹੈ।
ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਮੁਲਾਜ਼ਮਾਂ ਨੂੰ ਤੁਰੰਤ ਜੁਆਇਨ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਜੁਆਇਨ ਨਹੀਂ ਕਰਦੇ ਤਾਂ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ ਜਾਵੇਗੀ।
ਅਜੇ ਤੱਕ ਮੰਤਰੀਆਂ ਨੂੰ ਨਹੀਂ ਮਿਲੇ ਅਹੁਦੇ
ਪੰਜਾਬ ਵਿੱਚ ਨਵੀਂ ਬਣੀ ‘ਆਪ’ ਦੀ ਸਰਕਾਰ ਦੇ 10 ਮੰਤਰੀਆਂ ਨੇ ਅਹੁਦੇ ਲਈ ਸਹੁੰ ਵੀ ਚੁੱਕ ਲਈ ਪਰ ਹਾਲੇ ਤੱਕ ਇਨ੍ਹਾਂ ਦੇ ਮੰਤਰਾਲੇ ਨੂੰ ਲੈ ਕੇ ਸਸ਼ੋਪੰਜ ਜਾਰੀ ਹੈ। ਦੋ ਦਿਨ ਬੀਤ ਜਾਣ ਦੇ ਬਾਵਜੂਦ ਮੰਤਰੀਆਂ ‘ਚ ਵਿਭਾਗਾਂ ਦੀ ਵੰਡ ਨਹੀਂ ਕੀਤੀ ਗਈ। ਹਾਲਾਂਕਿ ਸੰਭਾਵਨਾ ਹੈ ਕਿ ਅੱਜ ਇਨ੍ਹਾਂ ਮੰਤਰੀਆਂ ਨੂੰ ਵਿਭਾਗ ਦਿੱਤੇ ਜਾ ਸਕਦੇ ਹਨ।
ਸਭ ਤੋਂ ਵੱਧ ਚਰਚਾ ਸਿੱਖਿਆ ਤੇ ਸਿਹਤ ਮੰਤਰਾਲੇ ਨੂੰ ਲੈ ਕੇ ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਿਆਸੀ ਤਾਕਤ ਸਕੂਲ ਤੇ ਹਸਪਤਾਲ ਹਨ। ਅਜਿਹੇ ‘ਚ ਇਸ ਗੱਲ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਕਿ ਇਹ ਵਿਭਾਗ ਕਿਸ ਨੂੰ ਸੌਂਪਿਆ ਜਾਵੇ।
ਸੂਤਰਾਂ ਅਨੁਸਾਰ ਪੰਜਾਬ ਵਿੱਚ ਗ੍ਰਹਿ ਯਾਨੀ ਪੁਲਿਸ, ਵਿਜੀਲੈਂਸ, ਮਾਈਨਿੰਗ, ਖੇਤੀਬਾੜੀ ਵਰਗੇ ਵੱਡੇ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿਣਗੇ। ਮਾਨ ਸਰਕਾਰ ਦੇ ਸਭ ਤੋਂ ਵੱਡੇ ਦਲਿਤ ਚਿਹਰੇ ਹਰਪਾਲ ਚੀਮਾ ਨੂੰ ਲੋਕਲ ਸਰਕਾਰ ਵਿਭਾਗ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਪਹਿਲੇ ਨੰਬਰ ‘ਤੇ ਮੰਤਰੀ ਵਜੋਂ ਸਹੁੰ ਚੁੱਕੀ।