ਚੰਡੀਗੜ੍ਹ 01,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ਵਿੱਚ 7000 ਫੋਨ ਕਾਲਾਂ ਜਾਂਚ ਦੇ ਘੇਰੇ ਵਿੱਚ ਆ ਚੁੱਕੀਆਂ ਹਨ। ਜਾਂਚ ਦੌਰਾਨ ਪੰਜਾਬ ਪੁਲਿਸ ਨੇ ਨੌਂ ਮੋਬਾਈਲ ਟਾਵਰਾਂ ਰਾਹੀਂ ਕੀਤੀਆਂ 90 ਹਜ਼ਾਰ ਮੋਬਾਈਲ ਕਾਲਾਂ ਤੋਂ ਇਹ ਡਾਟਾ ਇਕੱਠਾ ਕੀਤਾ ਹੈ। ਇਨ੍ਹਾਂ ਦੀ ਜਾਂਚ ਲਈ ਪੁਲਿਸ ਵੱਲੋਂ ਵੱਡੀ ਸਾਈਬਰ ਮਾਹਿਰ ਟੀਮ ਤਾਇਨਾਤ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ ਜਾਂਚ ਦੌਰਾਨ ਦਾਅਵਾ ਕੀਤਾ ਹੈ ਕਿ ਕੁਝ ਅਜਿਹੇ ਸਬੂਤ ਉਨ੍ਹਾਂ ਦੇ ਹੱਥ ਲੱਗੇ ਹਨ, ਜਿਸ ਕਾਰਨ ਉਹ ਇਸ ਮਾਮਲੇ ਨੂੰ ਸੁਲਝਾਉਣ ਦੇ ਕਰੀਬ ਪਹੁੰਚ ਗਏ ਹਨ। ਪੁਲਿਸ ਅਧਿਕਾਰੀ ਕਤਲ ਨਾਲ ਸਬੰਧਤ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ। ਪੁਲਿਸ ਸੀਸੀਟੀਵੀ ਫੁਟੇਜ ਤੋਂ ਲੈ ਕੇ ਸਿੱਧੂ ਮੂਸੇਵਾਲਾ ਨਾਲ ਫ਼ੋਨ ‘ਤੇ ਹੋਈ ਗੱਲਬਾਤ ਤੱਕ ਸਬੂਤ ਇਕੱਠੇ ਕਰ ਰਹੀ ਹੈ। ਜਾਂਚ ਦੌਰਾਨ ਪੁਲਿਸ ਨੂੰ ਕਰੀਬ 21 ਸੀਸੀਟੀਵੀ ਫੁਟੇਜ ਮਿਲੇ ਹਨ ਜੋ ਸ਼ੱਕੀ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਾਤਲਾਂ ਵੱਲੋਂ ਹਮਲੇ ਨੂੰ ਅੰਜਾਮ ਦੇਣ ਲਈ ਚਾਰ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਹਮਲਾਵਰਾਂ ਨੇ 37 ਰਾਉਂਡ ਫਾਇਰ ਕੀਤੇ।
ਹੁਣ ਤੱਕ ਦੀ ਜਾਂਚ ਅਨੁਸਾਰ ਪੰਜਾਬ ਪੁਲਿਸ ਨੇ ਨੌਂ ਵੱਖ-ਵੱਖ ਮੋਬਾਈਲ ਟਾਵਰਾਂ ਤੋਂ ਕਰੀਬ 90,000 ਕਾਲਾਂ ਦੀ ਜਾਂਚ ਕੀਤੀ ਹੈ। ਜਾਂਚ ਵਿਚ 7000 ਫੋਨ ਕਾਲਾਂ ਮਿਲੀਆਂ ਹਨ ਜੋ ਸ਼ੱਕ ਦੇ ਘੇਰੇ ਵਿਚ ਹਨ। ਇਹ ਯਕੀਨੀ ਬਣਾਉਣ ਲਈ ਕਿ ਕੋਈ ਗਲਤੀ ਨਾ ਹੋਵੇ, ਸਾਈਬਰ ਦੇ ਮਾਹਿਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਪੰਜਾਬ ਪੁਲਿਸ ਵੀ ਲਗਾਤਾਰ ਦਿੱਲੀ ਕ੍ਰਾਈਮ ਬ੍ਰਾਂਚ ਦੇ ਸੰਪਰਕ ਵਿੱਚ ਹੈ। ਪੰਜਾਬ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਤਿਹਾੜ ਜੇਲ ‘ਚ ਬੰਦ ਗੈਂਗਸਟਰ ਸ਼ਾਹਰੁਖ ਤੋਂ ਪੁੱਛਗਿੱਛ ਕਰ ਸਕਦੀ ਹੈ। ਹੁਣ ਤੱਕ ਪੁਲਿਸ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੁਰਲਾਲ ਤੇ ਗੋਲਡੀ ਬਰਾੜ ਨਾਲ ਜੁੜੇ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ।
ਤਿੰਨ ਸਾਲਾਂ ਵਿੱਚ 23 ਧਮਕੀਆਂ
ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਨੂੰ ਪਿਛਲੇ ਤਿੰਨ ਸਾਲਾਂ ਵਿੱਚ 23 ਵਾਰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਹਨ। ਉਸ ਨੂੰ ਬਿਸ਼ਨੋਈ ਗੈਂਗ, ਗੁਰਲਾਲ ਗੈਂਗ, ਸੁੱਖਾ ਕਾਹਲਵਾਂ ਤੇ ਗੋਲਡੀ ਗੈਂਗ ਨਾਲ ਜੁੜੇ ਮੈਂਬਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸੀ।