
Sidhu Moose Wala Death Case: ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਕਤਲ ਨਾਲ ਦੁਨੀਆ ਭਰ ‘ਚ ਵਸਦੇ ਪੰਜਾਬੀਆਂ ਤੇ ਖਾਸ ਕਰਕੇ ਸਿੱਧੂ ਦੇ ਫੈਨਸ ਨੂੰ ਡੂੰਘਾ ਸਦਮਾ ਲੱਗਿਆ ਹੈ। ਇਸ ਘਟਨਾ ਨਾਲ ਪੰਜਾਬ ਦੀ ਸਿਆਸੀ ਹਵਾ ਦਾ ਰੁਖ ਵੀ ਬਦਲਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਉਪਰ ਪੰਜਾਬ ਸਰਕਾਰ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਜਾ ਰਹੀ ਹੈ। ਅਜਿਹੇ ‘ਚ ਸੰਗਰੂਰ ਲੋਕ ਸਭਾ ਸੀਟ ‘ਤੇ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ‘ਤੇ ਇਸ ਕਤਲ ਕਾਂਡ ਦਾ ਡੂੰਘਾ ਅਸਰ ਪੈਣ ਦੀ ਸੰਭਾਵਨਾ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਸੰਗਰੂਰ ਜ਼ਿਮਨੀ ਚੋਣ ਸਮੇਤ ਪੰਜਾਬ ਦੀ ਸਿਆਸਤ ਦੇ ਸਾਰੇ ਮੁੱਦਿਆਂ ‘ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਜ਼ਿਮਨੀ ਚੋਣ ‘ਚ ਵਿਰੋਧੀ ਪਾਰਟੀਆਂ ਨੂੰ ਸੱਤਾਧਾਰੀ ਪਾਰਟੀ ਨੂੰ ਘੇਰਨ ਲਈ ਵੱਡਾ ਮੁੱਦਾ ਮਿਲ ਗਿਆ ਹੈ ਕਿਉਂਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਹੀ ਘਿਰੀ ਹੋਈ ਸੀ। ਹੁਣ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ‘ਘਰ’ ‘ਚ ਘੇਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਤੇ ਸਰਕਾਰ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ।
ਇਤਿਹਾਸ ਗਵਾਹ ਹੈ ਕਿ ਇਸ ਇਲਾਕੇ ਦੇ ਲੋਕ ਸੰਵੇਦਨਸ਼ੀਲ ਰਹੇ ਹਨ ਤੇ ਵੱਡੀਆਂ ਤਬਦੀਲੀਆਂ ਲਿਆਉਣ ਵਿੱਚ ਦੇਰ ਨਹੀਂ ਲਾਈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਲੋਕ ਸਭਾ ਸੀਟ ਤੋਂ ਦੋ ਵਾਰ ਵੱਡੇ ਫਰਕ ਨਾਲ ਜਿੱਤ ਚੁੱਕੇ ਹਨ। ਇਸ ਖੇਤਰ ਨੇ ਅਕਾਲੀ ਦਲ (ਅੰਮ੍ਰਿਤਸਰ) ਦੀ ਰਾਜਨੀਤੀ ਨੂੰ ਧਾਰ ਦਿੱਤੀ ਸੀ ਪਰ ਐਕਟਰ ਦੀਪ ਸਿੱਧੂ ਦੀ ਮੌਤ ਦਾ ਅਸਰ ਸੰਗਰੂਰ, ਬਰਨਾਲਾ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਾਫ਼ ਨਜ਼ਰ ਆਇਆ। ਫਿਰ ਅਕਾਲੀ ਦਲ (ਅੰਮ੍ਰਿਤਸਰ) ਦੀਪ ਸਿੱਧੂ ਦੇ ਮੁੱਦੇ ‘ਤੇ ਨੌਜਵਾਨ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਸਫਲ ਰਿਹਾ।

ਅਮਰਗੜ੍ਹ ਹਲਕੇ ਤੋਂ ਚੋਣ ਲੜਨ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 38,000 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ। ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਿਮਰਨਜੀਤ ਸਿੰਘ ਮਾਨ 1999 ਵਿੱਚ ਸੰਗਰੂਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ ਤੇ ਜੇਕਰ ਉਹ ਚੋਣ ਮੈਦਾਨ ਵਿੱਚ ਹਨ ਤਾਂ ਉਨ੍ਹਾਂ ਦੇ ਵੱਡੇ ਫਰਕ ਨਾਲ ਉਭਰਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੱਸ ਦਈਏ ਕਿ ਸੰਗਰੂਰ ਸੰਸਦੀ ਸੀਟ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ‘ਤੇ ‘ਆਪ’ ਦਾ ਪ੍ਰਦਰਸ਼ਨ ਇਤਿਹਾਸਕ ਰਿਹਾ। ਇਨ੍ਹਾਂ ਨੌਂ ਵਿਧਾਨ ਸਭਾ ਸੀਟਾਂ ‘ਤੇ ‘ਆਪ’ ਨੇ 53 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲੋਂ ਸਾਢੇ ਚਾਰ ਲੱਖ ਤੇ ਅਕਾਲੀ ਦਲ ਨਾਲੋਂ ਪੰਜ ਲੱਖ ਵੱਧ ਵੋਟਾਂ ਮਿਲੀਆਂ ਹਨ। ਸੰਗਰੂਰ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ (ਮਲੇਰਕੋਟਲਾ, ਧੂਰੀ, ਸੰਗਰੂਰ, ਸੁਨਾਮ, ਦਿੜਬਾ, ਲਹਿਰਾਗਾਗਾ, ਬਰਨਾਲਾ, ਭਦੌੜ ਅਤੇ ਮਹਿਲਕਲਾਂ) ਸ਼ਾਮਲ ਹਨ।
ਨੌਂ ਹਲਕਿਆਂ ਵਿੱਚ ਕੁੱਲ 12 ਲੱਖ 9 ਹਜ਼ਾਰ ਵੋਟਾਂ ਪਈਆਂ ਤੇ ‘ਆਪ’ ਨੂੰ 6 ਲੱਖ 43 ਹਜ਼ਾਰ ਵੱਧ ਵੋਟਾਂ ਮਿਲੀਆਂ। ਕਾਂਗਰਸ ਨੂੰ ਦੋ ਲੱਖ 18 ਹਜ਼ਾਰ, ਅਕਾਲੀ ਦਲ ਨੂੰ ਇਕ ਲੱਖ 41 ਹਜ਼ਾਰ, ਭਾਜਪਾ ਨੂੰ 86 ਹਜ਼ਾਰ ਮਿਲੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ‘ਆਪ’ ਦੀ ਜ਼ਬਰਦਸਤ ਹਨੇਰੀ ਵਿਚਾਲੇ ਅਕਾਲੀ ਦਲ ਅੰਮ੍ਰਿਤਸਰ ਨੂੰ ਕਰੀਬ 76 ਹਜ਼ਾਰ ਵੋਟਾਂ ਮਿਲੀਆਂ। ਮੌਜੂਦਾ ਸਮੇਂ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਬਦਲੀ ਹੋਈ ਸਿਆਸੀ ਹਵਾ ਇੱਕ ਨਵੇਂ ਸਮੀਕਰਨ ਨੂੰ ਜਨਮ ਦੇ ਸਕਦੀ ਹੈ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਜਲਦ ਹੀ ਉਮੀਦਵਾਰ ਦਾ ਐਲਾਨ ਕਰੇਗੀ। ਸੀਐਮ ਦੀ ਭੈਣ ਮਨਪ੍ਰੀਤ ਕੌਰ ਤੋਂ ਇਲਾਵਾ ਕੁਝ ਮਸ਼ਹੂਰ ਹਸਤੀਆਂ ਦੇ ਨਾਂ ਵੀ ਚਰਚਾ ‘ਚ ਹਨ ਪਰ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਮੁੜ ਮੰਥਨ ਸ਼ੁਰੂ ਹੋ ਗਿਆ ਹੈ।
ਬੇਸ਼ੱਕ ਪੰਜਾਬ ਨੇ ਇੱਕ ਬੇਮਿਸਾਲ ਕਲਾਕਾਰ ਗੁਆ ਦਿੱਤਾ ਤੇ ਫੈਨਸ ਨੇ ਉਨ੍ਹਾਂ ‘ਚ ਜੋਸ਼ ਭਰਨ ਵਾਲਾ ਉਨ੍ਹਾਂ ਦਾ ਸਿੰਗਰ ਇਸ ਦੇ ਨਾਲ ਹੀ ਸਭ ਤੋਂ ਵੱਡਾ ਸਦਮਾ ਤਾਂ ਸਿੱਧੂ ਦੇ ਮਾਪਿਆਂ ਨੂੰ ਲੱਗਿਆ ਜਿਨ੍ਹਾਂ ਨੇ ਆਪਣਾ ਜਵਾਨ ਪੁੱਤ ਇੱਕ ਸਿਸਟਮ ਕਰਕੇ ਗੁਆ ਦਿੱਤਾ। ਹੁਣ ਸਿੱਧੂ ਦੀ ਮੌਤ ‘ਤੇ ਸੂਬੇ ਦੇ ਸਿਆਸਤਦਾਨਾਂ ਨੂੰ ਆਪਣੀ ਰਾਜਨੀਤੀਕ ਰੋਟੀਆਂ ਸੇਕਣ ਦਾ ਮੌਕਾ ਮਿਲ ਗਿਆ।
