
ਨਵੀਂ ਦਿੱਲੀ 30,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ‘ਚ ਐਤਵਾਰ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਖ਼ਬਰ ਨਾਲ ਪੂਰੇ ਦੇਸ਼ ‘ਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ‘ਤੇ 30 ਗੋਲੀਆਂ ਚਲਾਈਆਂ। ਮੂਸੇਵਾਲਾ ਦੀ ਲਾਸ਼ ਦੀਆਂ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹੁਣ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ।
ਸਿੱਧੂ ਮੂਸੇਵਾਲਾ ‘ਤੇ AN-94 ਰਸ਼ੀਅਨ ਰਾਈਫਲ ਨਾਲ ਹੋਇਆ ਸੀ ਹਮਲਾ
ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ‘ਚ 1994 ਦੀ ਇੱਕ ਏਐਨ-94 ਰਸ਼ੀਅਨ ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਹ AN-94 ਰਸ਼ੀਅਨ ਰਾਈਫਲ 1994 ਦੇ ਐਵਟੋਮੈਟ ਨਿਕੋਨੋਵਾ ਮਾਡਲ ਦੀ ਹੈ। ਪੰਜਾਬ ਗੈਂਗ ਵਾਰ ‘ਚ ਪਹਿਲੀ ਵਾਰ ਏਐਨ-94 ਦੀ ਵਰਤੋਂ ਕੀਤੀ ਗਈ ਹੈ।
ਜਾਅਲੀ ਨੰਬਰ ਪਲੇਟ ਵਾਲੀ ਗੱਡੀ ‘ਚ ਆਏ ਹਮਲਾਵਰ
ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੀਆਂ ਗਈਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਜਾਅਲੀ ਪਾਈਆਂ ਗਈਆਂ ਹਨ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਜਿਸ ਗੱਡੀ ਤੋਂ ਹਮਲਾ ਕਰਨ ਆਏ ਸਨ, ਉਸ ਦੀ ਨੰਬਰ ਪਲੇਟ ਜਾਅਲੀ ਹੈ। 8 ਤੋਂ 10 ਹਮਲਾਵਰ ਸਨ। ਜਾਅਲੀ ਨੰਬਰ ਪਲੇਟ ਵਾਲੀ ਕਾਰ ਮਿਲਣ ਤੋਂ ਬਾਅਦ ਆਈਜੀ ਪ੍ਰਦੀਪ ਯਾਦਵ ਨੇ ਕਿਹਾ ਕਿ ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ, “ਸਾਨੂੰ ਕਾਫ਼ੀ ਲੀਡ ਮਿਲੀ ਹੈ।”
ਸਿੱਧੂ ਮੂਸੇਵਾਲਾ ‘ਤੇ 30 ਰਾਊਂਡ ਗੋਲੀਆਂ ਚਲਾਈਆਂ ਗਈਆਂ
ਪੰਜਾਬ ਦੇ ਉੱਚ ਪੁਲਿਸ ਅਧਿਕਾਰੀ ਵੀਕੇ ਭਾਵਰਾ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਕਰੀਬ 30 ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਸ ‘ਚ ਘੱਟੋ-ਘੱਟ ਤਿੰਨ ਵੱਖ-ਵੱਖ ਹਥਿਆਰਾਂ ਨਾਲ ਫਾਇਰ ਕੀਤੇ ਗਏ। ਸੂਤਰਾਂ ਨੇ ਦੱਸਿਆ ਕਿ ਮੌਕੇ ਤੋਂ ਤਿੰਨ ਏਕੇ-94 ਰਾਈਫਲ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ।
ਪੁਲਿਸ ਨੇ ਆਪਸੀ ਰੰਜਿਸ਼ ਕਾਰਨ ਕਤਲ ਦਾ ਸ਼ੱਕ ਜਤਾਇਆ
ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਕਿਹਾ, “ਇਹ ਜਾਪਦਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਾਂ ਦੀ ਆਪਸੀ ਦੁਸ਼ਮਣੀ ਕਾਰਨ ਹੋਇਆ ਹੈ।” ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ ਇਹ ਘਟਨਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਇੱਕ ਦਿਨ ਬਾਅਦ ਵਾਪਰੀ ਹੈ।
