*ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਰਦਾਫਾਸ਼ ਕਰਨ ਲਈ ਕਿਵੇਂ ਇੱਕ ਛੋਟੇ ਜਿਹੇ ਸੁਰਾਗ ਜ਼ਰੀਏ ਪੰਜਾਬ ਪੁਲਿਸ ਦੀਆਂ ਟੀਮਾਂ ਫਤਿਹਾਬਾਦ ਪਹੁੰਚੀਆਂ*

0
228

ਚੰਡੀਗੜ੍ਹ, 16 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਜੁਰਮ ਵਿੱਚ ਵਰਤੀ ਗਈ ਗੱਡੀ ਵਿੱਚੋਂ ਮਿਲੇ ਇੱਕ ਛੋਟੇ ਜਿਹੇ ਸੁਰਾਗ ਅਤੇ ਪ੍ਰਾਪਤ ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬ ਪੁਲਿਸ ਨੂੰ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ – ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਮਿਲੀ, ਜਿਸ ਸਦਕਾ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੇਂਸ ਬਿਸ਼ਨੋਈ ਸਮੇਤ 10 ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਵੀ ਪਛਾਣ ਕਰ ਲਈ ਹੈ।ਸਿੱਧੂ ਮੂਸੇਵਾਲਾ, ਜੋ 29 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਆਪਣੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲੇ ਸਨ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।
ਘਟਨਾਵਾਂ ਤੋਂ ਕਿਵੇਂ ਪਰਦਾ ਉਠਿਆ
ਏ.ਡੀ.ਜੀ.ਪੀ. ਏ.ਜੀ.ਟੀ.ਐੱਫ. ਨੇ ਕਿਹਾ ਕਿ ਇਹ ਮਹਤਵਪੂਰਨ ਸਫਲਤਾ ਉਸ ਸਮੇਂ ਮਿਲੀ ਜਦੋਂ ਬਲੇਰੋ ਕਾਰ ‘ਚੋਂ ਫਤਿਹਾਬਾਦ ਸਥਿਤ ਪੈਟਰੋਲ ਪੰਪ ਤੋਂ ਭਰਾਏ ਡੀਜ਼ਲ ਦੀ ਰਸੀਦ (25 ਮਈ, 2022) ਬਰਾਮਦ ਕੀਤੀ ਗਈ। ਇਹ ਗੱਡੀ ਅਪਰਾਧ ਵਿੱਚ ਵਰਤੀ ਗਈ ਸੀ ਅਤੇ ਬਾਅਦ ਵਿੱਚ ਅਪਰਾਧ ਵਾਲੇ ਸਥਾਨ ਤੋਂ ਲਗਭਗ 13 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਨੇੜੇ ਖੜ੍ਹੀ ਮਿਲੀ ਸੀ। ਉਹਨਾਂ ਅੱਗੇ ਕਿਹਾ ਕਿ ਪੁਲਿਸ ਦੀ ਇੱਕ ਟੀਮ ਉਸੇ ਦਿਨ ਸੀਸੀਟੀਵੀ ਫੁਟੇਜ ਇਕੱਠੀ ਕਰਨ ਲਈ ਫਤਿਹਾਬਾਦ ਦੇ ਪੈਟਰੋਲ ਸਟੇਸ਼ਨ ਲਈ ਤੁਰੰਤ ਰਵਾਨਾ ਕੀਤੀ ਗਈ।ਉਹਨਾਂ ਕਿਹਾ “ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਅਤੇ ਇੱਕ  ਵਿਅਕਤੀ, ਜਿਸ ਦੇ ਸ਼ੂਟਰ ਹੋਣ ਦੀ ਸੰਭਾਵਨਾ ਹੈ, ਦੀ ਪਛਾਣ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ, ਜਿਸ ਦੀ ਪਛਾਣ ਬਾਅਦ ਵਿੱਚ ਸੋਨੀਪਤ ਦੇ ਪ੍ਰਿਆਵਰਤ ਵਜੋਂ ਹੋਈ ਹੈ। ਪੈਟਰੋਲ ਪੰਪ ਸਟੇਸ਼ਨ ਤੋਂ ਡੀਜ਼ਲ ਭਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਬਲੈਰੋ ਗੱਡੀ ਦੁਆਰਾ ਲਏ ਗਏ ਰੂਟ ਦੀ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਗਈ।” ਇਸੇ ਤਰ੍ਹਾਂ ਇੰਜਣ ਨੰਬਰ ਅਤੇ ਚੈਸੀ ਨੰਬਰ ਦੀ ਮਦਦ ਨਾਲ ਬਲੈਰੋ ਦੀ ਮਾਲਕੀ ਦਾ ਪਤਾ ਲਗਾਇਆ ਗਿਆ।ਜ਼ਿਕਰਯੋਗ ਹੈ ਕਿ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬਲੈਰੋ, ਟੋਇਟਾ ਕੋਰੋਲਾ ਅਤੇ ਚਿੱਟੇ ਰੰਗ ਦੀ ਆਲਟੋ ਕਾਰ ਸਮੇਤ ਸਾਰੇ ਵਾਹਨ ਬਰਾਮਦ ਕਰ ਲਏ ਹਨ। ਟੋਇਟਾ ਕੋਰੋਲਾ ਵਿੱਚ ਸਵਾਰ ਹਮਲਾਵਰਾਂ ਨੇ ਬੰਦੂਕ ਦੀ ਨੋਕ ’ਤੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਨੂੰ ਰੋਕਿਆ ਅਤੇ ਖੋਹ ਕੇ ਲੈ ਗਏ। ਉਹ ਕੋਰੋਲਾ ਕਾਰ, ਜੋ ਕਿ ਘਟਨਾ ਦੌਰਾਨ ਨੁਕਸਾਨੀ ਗਈ ਸੀ, ਨੂੰ ਉੱਥੇ ਹੀ ਛੱਡ ਗਏ ਅਤੇ ਚਿੱਟੇ ਰੰਗ ਦੀ ਬੋਲੈਰੋ ਜੀਪ ਦੇ ਪਿੱਛੇ-ਪਿੱਛੇ ਪਿੰਡ ਖਾਰਾ ਬਰਨਾਲਾ ਵੱਲ ਫਰਾਰ ਹੋ ਗਏ। ਚਿੱਟੇ ਰੰਗ ਦੀ ਆਲਟੋ ਵੀ 30 ਮਈ, 2022 ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਨੇੜੇ ਤੜਕੇ 3.30 ਵਜੇ ਖੜ੍ਹੀ ਮਿਲੀ ਸੀ ਅਤੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮਾਂ ਵੱਲੋਂ ਲਏ ਗਏ ਰੂਟ ਦੀ ਪਛਾਣ ਕੀਤੀ ਗਈ ਸੀ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਭੂਮਿਕਾ
ਤਿਹਾੜ ਜੇਲ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਹੋਰ 9 ਦੋਸ਼ੀਆਂ ਦੀ ਪਛਾਣ ਚਰਨਜੀਤ ਸਿੰਘ ਉਰਫ ਚੇਤਨ ਵਾਸੀ ਬਲਰਾਮ ਨਗਰ ਬਠਿੰਡਾ; ਹਰਿਆਣਾ ਦੇ ਸਿਰਸਾ ਦੇ ਸੰਦੀਪ ਸਿੰਘ ਉਰਫ਼ ਕੇਕੜਾ; ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਬਠਿੰਡਾ; ਮਨਪ੍ਰੀਤ ਭਾਊ ਵਾਸੀ ਢੈਪਈ, ਫਰੀਦਕੋਟ; ਸਾਰਜ ਮਿੰਟੂ ਵਾਸੀ ਪਿੰਡ ਦੋਦੇ ਕਲਸੀਆ, ਅੰਮ੍ਰਿਤਸਰ; ਤਖ਼ਤ-ਮਲ ਹਰਿਆਣਾ ਦੇ ਪ੍ਰਭਦੀਪ ਸਿੱਧੂ ਉਰਫ਼ ਪੱਬੀ; ਹਰਿਆਣਾ ਦੇ ਸੋਨੀਪਤ ਦੇ ਪਿੰਡ ਰੇਵਲੀ ਦੇ ਮੋਨੂੰ ਡਾਗਰ; ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ। ਸਾਰਿਆਂ ਨੂੰ ਸਾਜ਼ਿਸ਼ ਰਚਣ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ, ਰੇਕੀ ਕਰਨ ਅਤੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।ਏ.ਡੀ.ਜੀ.ਪੀ. ਨੇ ਕਿਹਾ ਕਿ ਕੋਰੋਲਾ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਸਹੀ ਪਾਇਆ ਗਿਆ ਅਤੇ ਮਾਲਕ ਦੀ ਪਛਾਣ ਕਰ ਲਈ ਗਈ, ਹਾਲਾਂਕਿ, ਜਿਸ ਵਿਅਕਤੀ ਦੇ ਨਾਮ ‘ਤੇ ਖਰੀਦ ਦਾ ਐਫੀਡੇਵਿਡ ਬਰਾਮਦ ਕੀਤਾ ਗਿਆ ਸੀ, ਉਹ ਅਸਲ ਮਾਲਕ ਨਹੀਂ ਸੀ, ਪਰ ਉਸ ਨੇ ਮਨਪ੍ਰੀਤ ਮੰਨਾ (ਗੋਲਡੀ ਬਰਾੜ ਨਾਲ ਸਬੰਧਤ ਗੈਂਗਸਟਰ) ਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ, ਜੋ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।ਮਨਪ੍ਰੀਤ ਭਾਊ, ਜਿਸ ਨੂੰ ਕੋਰੋਲਾ ਕਾਰ ਦੀ ਵਰਤੋਂ ਕਰਨ ਸਬੰਧੀ ਸ਼ੱਕ ਦੇ ਆਧਾਰ ‘ਤੇ 30 ਮਈ, 2022 ਨੂੰ ਉੱਤਰਾਖੰਡ ਦੇ ਚਮੋਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਇਹ ਕਾਰ ਮਨਪ੍ਰੀਤ ਮੰਨਾ ਦੇ ਕਹਿਣ ‘ਤੇ ਦੋ ਸ਼ੱਕੀ ਸ਼ੂਟਰਾਂ ਮੋਗਾ ਦੇ ਮਨੂ ਕੁੱਸਾ ਅਤੇ ਅੰਮ੍ਰਿਤਸਰ ਦੇ ਜਗਰੂਪ ਸਿੰਘ ਉਰਫ਼  ਰੂਪਾ ਨੂੰ ਸੌਂਪੀ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸ਼ੂਟਰ ਸਾਰਜ ਮਿੰਟੂ, ਜੋ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਹੈ ਦੁਆਰਾ ਮੁਹੱਈਆ ਕਰਵਾਏ ਗਏ ਅਤੇ ਮੰਨਿਆ ਜਾਂਦਾ ਹੈ ਕਿ ਉਹ ਸ਼ੂਟਰਾਂ ਦੇ ਸਮੂਹ ਦਾ ਹਿੱਸਾ ਹੈ।ਪ੍ਰਭਦੀਪ ਸਿੱਧੂ ਉਰਫ਼ ਪੱਬੀ, ਜਿਸ ਨੂੰ 3 ਜੂਨ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ, ਜੋ ਉਸ ਕੋਲ ਆ ਕੇ ਰੁਕੇ ਸਨ ਅਤੇ ਉਸ ਨੇ ਮੂਸੇਵਾਲਾ ਦੇ ਘਰ ਦੀ ਰੇਕੀ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਇਹ ਖੁਲਾਸਾ ਵੀ ਹੋਇਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਸੁਰੱਖਿਆ ਕਰਮੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੈਮਰੇ ਆਦਿ ਦੀ ਜਾਂਚ ਕੀਤੀ। ਭਰੋਸੇਯੋਗ ਜਾਣਕਾਰੀ ਉਪਰੰਤ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਹਿਯੋਗੀ ਮੋਨੂੰ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਪੁੱਛਗਿੱਛ ਦੌਰਾਨ, ਉਸਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਸੋਨੀਪਤ ਦੇ ਰਹਿਣ ਵਾਲੇ ਪ੍ਰਿਆਵਰਤ ਅਤੇ ਅੰਕਿਤ ਵਜੋਂ ਪਛਾਣੇ ਗਏ ਦੋ ਸ਼ੂਟਰਾਂ ਦਾ ਪ੍ਰਬੰਧ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ ਨੇ ਸਾਦੁਲ ਸ਼ਹਿਰ ਤੋਂ ਵਾਰਦਾਤ ਵਿਚ ਵਰਤੀ ਗਈ ਚਿੱਟੀ ਬੋਲੈਰੋ ਜੀਪ ਖਰੀਦ ਕੇ ਬਠਿੰਡਾ ਦੇ ਕੇਸ਼ਵ ਵਜੋਂ ਪਛਾਣੇ ਗਏ ਵਿਅਕਤੀ ਰਾਹੀਂ ਸ਼ੂਟਰਾਂ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੂੰ ਛੁਪਣਗਾਹ ਵੀ ਮੁਹੱਈਆ ਕਰਵਾਈ ਸੀ।ਸੰਦੀਪ ਕੇਕੜਾ, ਜਿਸ ਨੂੰ 6 ਜੂਨ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਭਰਾ ਬਿੱਟੂ ਕਾਲਿਆਂਵਾਲੀ ਨੇ ਹਰਿਆਣਾ, ਸਿਰਸਾ ਦੇ ਤਖਤ ਮੱਲ ਦੇ ਨਿੱਕੂ ਨਾਲ ਮਿਲ ਕੇ ਮੂਸੇਵਾਲਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੋਈ ਸੀ। ਉਸਨੇ ਦੱਸਿਆ ਕਿ 29 ਮਈ, 2022 ਨੂੰ ਉਸਦੇ ਭਰਾ ਬਿੱਟੂ ਨੇ ਉਸ ਨੂੰ ਮੋਟਰ ਸਾਈਕਲ ‘ਤੇ ਨਿੱਕੂ ਨਾਲ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਜੋਂ ਉਸ ਦੇ ਘਰ ਜਾਣ ਲਈ ਕਿਹਾ। ਉਸਨੇ ਕਬੂਲ ਕੀਤਾ ਕਿ ਉਹਨਾਂ ਨੇ ਨਿੱਕੂ ਦੇ ਮੋਬਾਈਲ ਫੋਨ ‘ਤੇ ਗਾਇਕ ਨਾਲ ਸੈਲਫੀ ਖਿੱਚੀ ਅਤੇ ਬਾਅਦ ਵਿੱਚ ਨਿੱਕੂ ਨੇ ਸਚਿਨ ਥਾਪਨ ਨੂੰ ਮੂਸੇਵਾਲਾ ਬਾਰੇ ਅਸਲ-ਸਮੇਂ ਦੀ ਜਾਣਕਾਰੀ ਦੇਣ ਲਈ ਵੀਡੀਓ ਕਾਲ ਕੀਤੀ ਅਤੇ ਦੱਸਿਆ ਕਿ ਉਹ ਬਿਨਾਂ ਸੁਰੱਖਿਆ ਦੇ ਆਪਣੋ ਘਰ ਤੋਂ ਚੱਲ ਪਿਆ ਹੈ ਅਤੇ ਕਾਲੀ ਥਾਰ ਜੀਪ ਵਿੱਚ ਡਰਾਈਵਰ ਸੀਟ ‘ਤੇ ਬੈਠਾ ਹੈ।ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਲਾਰੇਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਵਿਕਰਮ ਬਰਾੜ (ਹੁਣ ਦੁਬਈ ਵਿੱਚ) ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੇ ਸਨ। ਇਸ ਤੋਂ ਇਲਾਵਾ, ਇਨ੍ਹਾਂ ਗੈਂਗਸਟਰਾਂ ਨੇ ਫੇਸਬੁੱਕ ਪ੍ਰੋਫਾਈਲਾਂ ਰਾਹੀਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰਨਾਂ ਨੂੰ ਉਨ੍ਹਾਂ ਦੇ ਗਰੋਹ ਦੇ ਮੈਂਬਰਾਂ ਸਮੇਤ ਮੁਲਜ਼ਮ ਅਤੇ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਏਜੀਟੀਐਫ ਅਤੇ ਐਸਆਈਟੀ ਕੇਂਦਰੀ ਏਜੰਸੀਆਂ ਅਤੇ ਹੋਰ ਸੂਬਿਆਂ ਦੇ ਪੁਲਿਸ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਸ਼ੱਕੀ ਸ਼ੂਟਰਾਂ ਅਤੇ ਇਸ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾ ਸਕੇ।————

LEAVE A REPLY

Please enter your comment!
Please enter your name here