*ਸਿੱਧੂ ਮੂਸੇਵਲਾ ਦੇ ਨਵੇਂ ਆਏ ਗੀਤ SYL ਨੇ ਪੇਸ਼ ਕੀਤੀ ਪੰਜਾਬ ਦੀ ਸੱਚੀ ਤਸਵੀਰ : ਸੁਖਦੇਵ ਢੀਂਡਸਾ*

0
31

ਚੰਡੀਗੜ੍ਹ 24 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)  : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮਰਹੂਮ ਪੰਜਾਬੀ ਗਾਈਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਵੇਂ ਆਏ ਗੀਤ ਐੱਸ ਵਾਈ ਐੱਲ ਦੀ ਹਮਾਇਤ ਕਰਦਿਆਂ ਕਿਹਾ ਕਿ ਜਿਥੇ ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਦੀ ਸੱਚੀ ਤਸਵੀਰ ਪੇਸ਼ ਕੀਤੀ ਗਈ ਹੈ, ਉਥੇ ਹੀ ਪੰਜਾਬ ਦੇ ਹੱਕੀ ਮਸਲਿਆਂ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਕੋਈ ਗੀਤ ਨਹੀਂ ਸਗੋਂ ਪੰਜਾਬ ਦੀ ਦੁਖਦਾਈ ਹਕੀਕਤ ਹੈ ਕਿਉਂਕਿ ਇਹ ਦਰਿਆਈ ਪਾਣੀਆਂ ‘ਤੇ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ।  ਇੰਨਾ ਹੀ ਨਹੀਂ, ਸਗੋਂ ਇਹ ਗੀਤ ਉਨ੍ਹਾਂ ਸਿੱਖ ਕੈਦੀਆਂ ਦੀ ਵੀ ਗੱਲ ਕਰਦਾ ਹੈ, ਜੋ ਅੱਜ ਵੀ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲਾਂ ਵਿੱਚ ਬੰਦ ਹਨ। ਢੀਂਡਸਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਇੰਨੀ ਛੋਟੀ ਉਮਰ ਵਿੱਚ ਆਪਣੇ ਗੀਤ ਰਾਹੀਂ ਇੱਕ ਵਾਰ ਫਿਰ ਧੁੰਮਾਂ ਪਾ ਦਿੱਤੀਆਂ ਹਨ ਅਤੇ ਕਈ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ‘ਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਐੱਸ ਵਾਈ ਐੱਲ ਗੀਤ ਨੇ ਪਾਣੀ ਦੇ ਵਿਵਾਦ, ਅਣਵੰਡੇ ਪੰਜਾਬ, 1984 ਦੇ ਸਿੱਖ ਕਤਲੇਆਮ, ਸਿੱਖ ਕੈਦੀਆਂ ਅਤੇ ਕਿਸਾਨ ਅੰਦੋਲਨ ਵਿਚ ਪਾਏ ਗਏ ਪੰਜਾਬੀਆਂ ਦੇ ਵਡਮੁੱਲੇ ਯੋਗਦਾਨ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਉਜਾਗਰ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਇਸ ਗੀਤ ਤੋਂ ਪ੍ਰੇਰਣਾ ਲੈਂਦਿਆਂ ਸਮੂਹ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਇਸ ਲੰਬੀ ਪਾਣੀ ਦੀ ਲੜਾਈ ਨੂੰ ਜਿੱਤਣ ਲਈ ਇੱਕਜੁੱਟ ਹੋ ਕੇ ਲੜਾਈ ਲੜਨਗੀਆਂ।  
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਗੀਤ ਵੀਰਵਾਰ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 18 ਘੰਟਿਆਂ `ਚ ਹੀ 14 ਮਿਲੀਅਨ ਯਾਨਿ ਡੇਢ ਕਰੋੜ ਦੇ ਕਰੀਬ ਲੋਕਾਂ ਨੇ ਦੇਖਿਆ ਹੈ। ਇਸ ਦੇ ਨਾਲ ਹੀ ਇਹ ਗੀਤ ਯੂਟਿਊਬ `ਤੇ ਨੰਬਰ ਇੱਕ ਤੇ ਟਰੈਂਡ ਕਰ ਰਿਹਾ ਹੈ।

SYL ਨੇ ਬਣਾਏ ਕਈ ਰਿਕਾਰਡ

ਇਸ ਗੀਤ ਨੇ ਰਿਲੀਜ਼ ਹੁੰਦੇ ਸਾਰ ਕਈ ਰਿਕਾਰਡ ਬਣਾਏ ਹਨ। ਇਹ ਕੋਈ ਪਹਿਲਾ ਪੰਜਾਬੀ ਗੀਤ ਹੈ, ਜਿਸ ਨੂੰ ਰਿਲੀਜ਼ ਹੋਣ ਦੇ ਅੱਧੇ ਘੰਟੇ ਬਾਅਦ ਹੀ 1 ਮਿਲੀਅਨ ਯਾਨਿ 10 ਲੱਖ ਲੋਕਾਂ ਨੇ ਦੇਖਿਆ ਸੀ। ਇਸ ਦੇ ਨਾਲ ਹੀ ਇਹ ਕੁੱਝ ਹੀ ਘੰਟਿਆਂ `ਚ 1 ਕਰੋੜ ਦਾ ਅੰਕੜਾ ਪਾਰ ਕਰਨ ਵਾਲਾ ਵੀ ਪਹਿਲਾ ਪੰਜਾਬੀ ਗੀਤ ਹੈ।

LEAVE A REPLY

Please enter your comment!
Please enter your name here