ਚੰਡੀਗੜ੍ਹ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਬੀਤੇ ਦਿਨ ਪੰਜਾਬ ਕਾਂਗਰਸ ਵਲੋਂ ਚੁਣੇ ਗਏ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਹੋਈ। ਇਸ ਦੌਰਾਨ ਕਾਂਗਰਸ ਦੇ ਕਈ ਵੱਡੇ ਲੀਡਰਾਂ ਸਣੇ ਕਾਂਗਰਸ ਸਮਰਥਕਾਂ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਸਮਾਗਮ ਦੌਰਾਨ ਸ਼ਿਰਕਤ ਕੀਤੀ। ਨਾਲ ਹੀ ਸਮਾਗਮ ਨੇ ਕਈ ਹੋਰ ਨਵੇਂ ਵਿਵਾਦ ਸ਼ੁਰੂ ਕਰ ਦਿੱਤੇ। ਜਿਸ ‘ਚ ਇੱਕ ਵਿਵਾਦ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਸ਼ਣ ਨਾਲ ਵੀ ਸਾਹਮਣੇ ਆ ਰਿਹਾ ਹੈ।
ਜਿੱਥੇ ਇੱਕ ਪਾਸੇ ਜਾਖੜ ਨੇ ਜੰਮ ਕੇ ਭੜਾਸ ਕੱਢੀ ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਸੀ ਜਿਨ੍ਹਾਂ ਨੇ ਕਿਸਾਨਾਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਤੋਂ ਦਿੱਲੀ ਭੇਜਿਆ, ਕੋਈ ਹੋਰ ਅਜਿਹਾ ਨਹੀਂ ਕਰ ਸਕਦਾ ਸੀ।
ਇਸ ਬਿਆਨ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਬਾਰਡਰ ‘ਤੇ ਅੰਦੋਲਨ ਕਰਨ ਲਈ ਭੇਜਿਆ ਗਿਆ ਸੀ? ਇਹ ਵਿਵਾਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਦਾਅਵੇ ਕਾਰਨ ਪੈਦਾ ਹੋਇਆ ਹੈ। ਸਿੱਧੂ ਦੇ ਪ੍ਰੋਗਰਾਮ ਵਿਚ ਕੈਪਟਨ ਦੀ ਸ਼ਲਾਘਾ ਕਰਨ ਦੇ ਚੱਕਰ ਵਿਚ ਜਾਖੜ ਨੇ ਕੁਝ ਇਸ ਤਰ੍ਹਾਂ ਕਿਹਾ ਕਿ ਭਾਜਪਾ ਨੂੰ ਕਿਸਾਨ ਅੰਦੋਲਨ ‘ਤੇ ਕਾਂਗਰਸ ਦਾ ਘਿਰਾਓ ਕਰਨ ਦਾ ਮੌਕਾ ਮਿਲਿਆ। ਜਾਖੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਸੀ ਜਿਨ੍ਹਾਂ ਨੇ ਕਿਸਾਨਾਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਤੋਂ ਦਿੱਲੀ ਭੇਜਿਆ, ਕੋਈ ਹੋਰ ਅਜਿਹਾ ਨਹੀਂ ਕਰ ਸਕਦਾ ਸੀ।
ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪਿੱਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਪਿਛਲੇ ਸਾਲ ਪੰਜਾਬ ਵਿੱਚ ਪਹਿਲੀ ਵਾਰ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਜੇਲ੍ਹ ਭਰੋ ਅੰਦੋਲਨ ਅਤੇ ਰੇਲਵੇ ਟਰੈਕ ਨੂੰ ਜਾਮ ਰੱਖਣ ਤੋਂ ਬਾਅਦ ਕਿਸਾਨ ਦਿੱਲੀ ਨੂੰ ਘੇਰਨ ਲਈ ਪੰਜਾਬ ਤੋਂ ਗਏ।
ਹੁਣ ਵੀ ਕਿਸਾਨਾਂ ਵਲੋਂ ਸ਼ੁਰੂ ਕੀਤਾ ਅੰਦੋਲਨ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਦਿੱਲੀ ਦੇ ਗਾਜ਼ੀਪੁਰ ਸਰਹੱਦ ‘ਤੇ ਚੱਲ ਰਿਹਾ ਹੈ, ਪਰ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਦੇ ਬਿਆਨ ਤੋਂ ਇੰਜ ਜਾਪਦਾ ਹੈ ਕਿ ਕਿਸਾਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਦਿੱਲੀ ਭੇਜ ਦਿੱਤਾ ਗਿਆ ਸੀ ਅਤੇ ਕਿਸਾਨਾਂ ਨੂੰ ਦਿੱਲੀ ‘ਚ ਅੰਦੋਲਨ ਦਾ ਤਰੀਕਾ ਕੈਪਟਨ ਅਤੇ ਉਨ੍ਹਾਂ ਦੀ ਸਰਕਾਰ ਨੇ ਦਿਖਾਇਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਵਿਖੇ ਸਿੱਧੂ ਦੀ ਤਾਜਪੋਸ਼ੀ ਸਮਾਗਮ ਦੌਰਾਨ ਲੰਬੇ ਅਰਸੇ ਬਾਅਦ ਸਿੱਧੂ ਅਤੇ
ਕੈਪਟਨ ਨੇ ਸਟੇਜ ਤਾਂ ਸਾਂਝੀ ਕੀਤੀ ਪਰ ਦੋਵਾਂ ਨੇ ਨਾਹ ਤਾਂ ਕੋਈ ਖਾਸ ਗੱਲਬਾਤ ਕੀਤੀ ਅਤੇ ਨਾਲ ਹੀ ਸਿੱਧੂ ਨੇ ਕੈਪਟਨ ਨਾਲ ਨਜ਼ਰਾਂ ਮਿਲਾਇਆਂ।
ਹੁਣ ਸਿੱਧੂ-ਕੈਪਟਨ ਤੋਂ ਬਾਅਦ ਜਾਖੜ ਦੇ ਬਿਆਨਾਂ ਦਾ ਪਾਰਟੀ ਕੀ ਜਵਾਬ ਦਿੰਦੀ ਹੈ ਇਹ ਵੇਖਣਾ ਖਾਸ ਰਹੇਗਾ।