
25,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਬੇਸ਼ੱਕ ਖ਼ਤਮ ਹੋ ਗਈਆਂ ਹੋਣ ਪਰ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਜਾਰੀ ਹੈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਪਾਰਟੀ ਦੀ ਇਸ ਮੁਹਿੰਮ ਨੂੰ ਅਸੰਗਤ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ।
ਮੁਹੰਮਦ ਮੁਸਤਫਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਮੁਹਿੰਮ ਚੰਗੀ ਨਹੀਂ ਰਹੀ। ਮੁਸਤਫਾ ਨੇ ਹਾਲਾਂਕਿ ਕਾਂਗਰਸ ਦੀ ਜਿੱਤ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ, “ਪਾਰਟੀ ਦੀ ਪ੍ਰਚਾਰ ਮੁਹਿੰਮ ਬੇਤੁਕੀ ਸੀ। ਇਹ ਬਿਲਕੁਲ ਵੀ ਚੰਗੀ ਨਹੀਂ ਰਹੀ। ਲੀਡਰਸ਼ਿਪ ਬਿਹਤਰ ਕੰਮ ਕਰ ਸਕਦੀ ਸੀ ਪਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ।”
ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਮੁਸਤਫਾ ਨੇ ਕਾਂਗਰਸ ਪਾਰਟੀ ਦੀਆਂ ਗਲਤੀਆਂ ਦੱਸੀਆਂ। ਕੈਬਨਿਟ ਮੰਤਰੀ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਇੰਦਰ ਸਿੰਘ ਨੂੰ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਵਿਰੁੱਧ ਮੈਦਾਨ ਵਿੱਚ ਉਤਾਰਿਆ ਹੈ। ਕਿਸੇ ਨੇ ਵੀ ਗੁਰਜੀਤ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸੀਐਮ ਚੰਨੀ ਦੇ ਭਰਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ।”
ਸਿੱਧੂ ‘ਤੇ ਵੀ ਸਵਾਲ ਉਠਾਏ
ਮੁਸਤਫਾ ਨੇ ਕਿਹਾ ਹੈ ਕਿ ਕਰੀਬ 12 ਸੀਟਾਂ ‘ਤੇ ਕਾਂਗਰਸ ਪਾਰਟੀ ਨੂੰ ਅੰਦਰੂਨੀ ਕਲੇਸ਼ ਕਾਰਨ ਨੁਕਸਾਨ ਝੱਲਣਾ ਪਿਆ ਹੈ। ਮੁਸਤਫਾ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਪਾਰਟੀ ਦੇ ਅੰਦਰ ਸਭ ਕੁਝ ਠੀਕ ਹੁੰਦਾ ਤਾਂ ਇਨ੍ਹਾਂ 12 ਸੀਟਾਂ ‘ਤੇ ਕੋਈ ਨੁਕਸਾਨ ਨਹੀਂ ਹੁੰਦਾ ਤੇ ਪਾਰਟੀ ਇਨ੍ਹਾਂ ‘ਤੇ ਜਿੱਤਣ ਦੀ ਸਥਿਤੀ ‘ਚ ਹੋ ਸਕਦੀ ਸੀ।
ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਵਜੋਤ ਸਿੰਘ ਸਿੱਧੂ ਦੇ ਵਿਵਹਾਰ ‘ਤੇ ਸਵਾਲ ਉਠਾਏ ਹਨ। ਗੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਨਵਜੋਤ ਸਿੰਘ ਸਿੱਧੂ ਦੇ ਵਤੀਰੇ ਕਾਰਨ ਪਾਰਟੀ ਦੇ ਕਈ ਦਿੱਗਜ ਆਗੂ ਕਾਂਗਰਸ ਛੱਡ ਕੇ ਚਲੇ ਗਏ ਹਨ।
