ਸਿੱਧੂ ‘ਕਾਂਗਰਸ ਦਾ ਰਾਫ਼ੇਲ’ ਕਰਾਰ, ਹਾਈਕਮਾਨ ਵੱਲੋਂ ਅਗਲੀਆਂ ਚੋਣਾਂ ‘ਚ ਅਜ਼ਮਾਉਣ ਦੀ ਤਿਆਰੀ

0
60

ਚੰਡੀਗੜ੍ਹ 23 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਦੇ ਬਾਗੀ ਹੋਏ ਲੀਡਰ ਨਵਜੋਤ ਸਿੰਘ ਬਾਰੇ ਕਾਫੀ ਚਰਚਾ ਹੈ। ਹੁਣ ਫਿਰ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਵਿੱਚ ਸਿੱਧੂ ਦੀ ਭੂਮਿਕਾ ਦੇ ਸੰਕੇਤ ਦਿੱਤੇ ਹਨ। ਰਾਵਤ ਨੇ ਸਿੱਧੂ ਨੂੰ ‘ਕਾਂਗਰਸ ਦਾ ਰਾਫ਼ੇਲ’ ਕਰਾਰ ਦਿੱਤਾ ਹੈ। ਅਹਿਮ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਹਾਈਕਮਾਨ ‘ਕਾਂਗਰਸ ਦੇ ਰਾਫ਼ੇਲ’ ਸਿੱਧੂ ਨੂੰ ਅਜਮਾਉਣ ਦੀ ਤਿਆਰੀ ਕਰ ਰਹੀ ਹੈ। ਯਾਦ ਰਹੇ ਸਿੱਧੂ ਨੇ ਪਿਛਲੇ ਵਰ੍ਹੇ ਜਦ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦਿੱਤਾ ਹੈ, ਉਦੋਂ ਤੋਂ ਉਹ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਰਹੇ।

ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਤਿੱਖੀ ਆਲੋਚਨਾ ਕਰਨ ਵਾਲਾ ਵਿਅਕਤੀ ਵੀ ਸਿੱਧੂ ਦੀ ਆਮ ਲੋਕਾਂ ਨੂੰ ਖਿੱਚਣ ਦੀ ਸ਼ਕਤੀ ਤੋਂ ਇਨਕਾਰ ਨਹੀਂ ਕਰ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਕ੍ਰਿਕੇਟਰ ਤੋਂ ਸਿਆਸੀ ਲੀਡਰ ਬਣੇ ਨਵਜੋਤ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿਚਾਲੇ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਹਨ। ਸਿੱਧੂ ਬੀਤੀ 4 ਅਕਤੂਬਰ ਨੂੰ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋਏ ਸਨ ਤੇ ਉੱਥੇ ਪਾਰਟੀ ਆਗੂ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਨੇਤਾ ਵੀ ਮੌਜੂਦ ਸਨ। ਉਸ ਤੋਂ ਪਹਿਲਾਂ ਰਾਵਤ ਨੇ ਸਿੱਧੂ ਨਾਲ ਅੰਮ੍ਰਿਤਸਰ ਜਾ ਕੇ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮੁਲਾਕਾਤ ਕੀਤੀ ਸੀ।

ਇੱਥੇ ਇਹ ਚੇਤੇ ਕਰਵਾਉਣਾ ਯੋਗ ਹੋਵੇਗਾ ਕਿ ਪਿਛਲੇ ਵਰ੍ਹੇ ਜੂਨ ’ਚ ਜਦੋਂ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਵਾਪਸ ਲੈ ਲਿਆ ਸੀ, ਉਦੋਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਹਫ਼ਤੇ ਉਹ ਲੰਮੇ ਵਕਫ਼ੇ ਪਿੱਛੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਸ਼ਾਮਲ ਹੋਏ ਸਨ। ਇਸ ਸੈਸ਼ਨ ਵਿੱਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਚਾਰ ਬਿੱਲ ਪਾਸ ਕੀਤੇ ਗਏ ਸਨ ਤੇ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ।

ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਰਾਸ਼ਟਰੀ ਪੱਧਰ ਉੱਤੇ ਵੀ ਬਹੁਤ ਫ਼ਾਇਦੇਮੰਦ ਵਿਅਕਤੀ ਹਨ। ਉਨ੍ਹਾਂ ਸਿੱਧੂ ਨੂੰ ‘ਕਾਂਗਰਸ ਪਾਰਟੀ ਦਾ ਰਾਫ਼ੇਲ’ ਕਰਾਰ ਦਿੰਦਿਆਂ ਕਿਹਾ ਕਿ ਸਿੱਧੂ ਦੀ ਰਾਜ ਪੱਧਰ ਉੱਤੇ ਵੀ ਓਨੀ ਹੀ ਮਹੱਤਤਾ ਹੈ। ਮੰਗਲਵਾਰ ਨੂੰ ਰਾਵਤ ਨੇ ਸਿੱਧੂ ਦੇ ਜਨਮ ਦਿਨ ਦੇ ਜਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ ਤੇ ਉਨ੍ਹਾਂ ਲਈ ਉਹ ਕੇਕ ਵੀ ਲੈ ਕੇ ਗਏ ਸਨ। ਖੇਤੀ ਬਿੱਲਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਸਟੈਂਡ ਦੀ ਰਾਵਤ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੈਪਟਨ ਨੇ ਹਰੇਕ ਪੱਧਰ ਦੇ ਪਾਰਟੀ ਆਗੂ ਦੀ ਸਲਾਹ ਲਈ ਹੈ।

LEAVE A REPLY

Please enter your comment!
Please enter your name here