ਮਾਨਸਾ, 19 ਮਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ): ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰ ਕੇ ਲਵਾਏ ਝੋਨੇ ਵਾਲੇ ਖੇਤ ਨਾਲੋਂ ਨਦੀਨਾਂ ਦੀ ਸਮੱਸਿਆ ਥੋੜੀ ਜ਼ਿਆਦਾ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਜੇਕਰ ਕਾਸ਼ਤ ਦੇ ਸਹੀ ਢੰਗਾਂ ਦੀ ਵਰਤੋਂ ਕੀਤੀ ਜਾਵੇ ਤਾਂ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਨੂੰ ਚੰਗੀ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ।ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਿਰਫ ਤੇ ਸਿਰਫ ਨਦੀਨ-ਨਾਸਕਾਂ ਦੀ ਵਰਤੋਂ ਕਰਨ ਨਾਲ ਹੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਇਸ ਕਰਕੇ ਨਵੇਂ ਤੋਂ ਨਵੇਂ ਨਦੀਨ-ਨਾਸ਼ਕਾਂ ਦੀ ਮੰਗ ਕੀਤੀ ਜਾਂਦੀ ਹੈ, ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਦੀਨ-ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਸਹੀ ਕਾਸ਼ਤਕਾਰੀ ਢੰਗਾਂ ਦਾ ਵੀ ਨਦੀਨਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਓਨਾ ਹੀ ਯੋਗਦਾਨ ਹੈ। ਡਾ ਭੁੱਲਰ ਅਨੁਸਾਰ ਨਦੀਨ ਨਾਸ਼ਕਾਂ ਦੀ ਵਰਤੋਂ ਬਿਜਾਈ ਸਮੇਂ ਅਤੇ ਖੜ੍ਹੀ ਫਸਲ ਵਿੱਚ ਕੀਤੀ ਜਾਂਦੀ ਹੈ।ਬਿਜਾਈ ਸਮੇਂ, ਵੱਤਰ ਖੇਤ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਅਤੇ ਸੁੱਕੇ ਖੇਤ ਵਿੱਚ ਬਿਜਾਈ ਬਾਅਦ ਖੇਤ ਵਿੱਚ ਪੈਰ ਧਰਾ ਹੋਣ ਵੇਲੇ, ਸਟੌਂਪ/ ਬੰਕਰ 30 ਈ ਸੀ(ਪੈਂਡੀਮੈਥਾਲਿਨ) ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ 200 ਲੀਟਰ ਪਾਣੀ ਵਿੱਚ ਘੋਲ ਕੇ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਵਰਤ ਕੇ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਘਾਹ ਵਾਲੇ ਨਦੀਨ ਜਿਵੇਂ ਕਿ ਸਵਾਂਕ, ਸਵਾਂਕੀ, ਗੁੜਤ ਮਧਾਣਾ, ਚੀਨੀ ਘਾਹ, ਤੱਕੜੀ ਘਾਹ, ਮੱਕੜਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨ ਇਟਸਿਟ, ਚੁਲਾਈ ਆਦਿ ਨੂੰ ਉੱਗਣ ਤੋਂ ਰੋਕਦੀ ਹੈ। ਖੜ੍ਹੀ ਫਸਲ ਵਿੱਚ ਜੇਕਰ ਲੋੜ ਪਵੇ, ਤਾਂ ਨਦੀਨ ਨਾਸ਼ਕ ਦੀ ਵਰਤੋਂ, ਜਦੋਂ ਨਦੀਨ 2 ਤੋਂ 4 ਅਵਸਥਾ ਵਿੱਚ ਹੋਵੇ, ਨਦੀਨਾਂ ਦੀ ਕਿਸਮ ਦੇ ਹਿਸਾਬ ਕਰੋ। ਜੇਕਰ ਸਿਰਫ ਝੋਨੇ ਵਾਲੇ ਨਦੀਨ ਜਿਵੇਂ ਕਿ ਸਵਾਂਕ, ਝੋਨੇ ਦੇ ਮੋਥੇ ਆਦਿ ਹੋਣ ਤਾਂ ਨੌਮਿਨੀ ਗੋਲਡ 10 ਐੱਸ ਸੀ (ਬਿਸਪਾਈਰਿਬੈਕ ਸੋਡੀਅਮ)100 ਮਿਲੀਲੀਟਰ ਪ੍ਰਤੀ ਏਕੜ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਜੇਕਰ ਖੇਤ ਵਿੱਚ ਗੁੜਤ ਮਧਾਣਾ, ਚੀਨੀ ਘਾਹ, ਚਿੜੀ ਘਾਹ ਆਦਿ ਹੋਣ ਤਾਂ ਰਾਈਸਸਟਾਰ 6.7 ਈ.ਸੀ. (ਫਿਨਕੌਸਾਪਰੌਪ-ਪੀ-ਈਥਾਈਲ) 500 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰੋ। ਚੌੜੇ ਪੱਤੇ ਵਾਲੇ ਅਤੇ ਝੋਨੇ ਦੇ ਮੋਥੇ ਅਤੇ ਡੀਲਾ (ਗੰਢੀ ਵਾਲਾ ਮੋਥਾ) ਦੀ ਰੋਕਥਾਮ ਲਈ ਐਲਮਿਕਸ 20 % (ਕਲੋਰੀਮਿਊਰਾਨ ਇਥਾਈਲ 10 %+ਮੈਟਸਲਫੂਰਾਨ ਮਿਥਾਈਲ 10%) 8 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ।ਛਿੜਕਾਅ ਸਮੇਂ ਖੇਤ ਵਿੱਚ ਸਲ੍ਹਾਬ ਦਾ ਹੋਣਾ ਬਹੁਤ ਜਰੂਰੀ ਹੈ।ਛਿੜਕਾਅ ਵਾਸਤੇ ਕੱਟ ਵਾਲੀ ਨੋਜ਼ਲ ਵਰਤੋ। ਡਾ. ਭੁੱਲਰ ਨੇ ਅੱਗੇ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਸਿੱਧੀ ਬਿਜਾਈ ਨੂੰ ਰੇਤਲੀਆਂ ਜ਼ਮੀਨਾਂ ਤੇ ਨਾ ਕਰੋ। ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਹੀ ਕਰੋ ਜਿੱਥੇ ਪਿਛਲੇ ਸਾਲਾਂ ਵਿੱਚ ਝੋਨਾ ਲਾਇਆ ਜਾਂਦਾ ਹੋਵੇ।ਪਿਛਲੇ ਸਾਲਾਂ ਵਿੱਚ ਜਿਹੜੇ ਖੇਤ ਕਮਾਦ, ਮੱਕੀ ਅਤੇ ਨਰਮਾਂ/ਕਪਾਹ ਥੱਲੇ ਸਨ, ਉੱਥੇ ਸਿੱਧੀ ਬਿਜਾਈ ਨਾ ਕਰੋ ।ਖੇਤ ਨੂੰ ਰੌਣੀ ਕਰਕੇ ਬੀਜੋ ਅਤੇ ਤਰ ਵੱਤਰ ਖੇਤ ਵਿੱਚ ਬੀਜਾਈ ਕਰੋ। ਬੀਜ ਨੂੰ 10-12 ਘੰਟੇ ਪਾਣੀ ਵਿੱਚ ਭਿਉਂ ਕੇ ਅਤੇ ਦਵਾਈ ਲਾ ਕੇ ਬਿਜਾਈ ਕਰੋ। ਬਿਜਾਈ ਦਿਨ ਢਲੇ (ਸ਼ਾਮ) ਵੇਲੇ ਜਾਂ ਸਵੇਰੇ ਸੁਵੱਖਤੇ ਹੀ ਕਰੋ ਅਤੇ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇਅ ਕਰ ਦਿਉ।“ਲੱਕੀ ਸੀਡ ਡਰਿੱਲ’’ ਨਾਲ ਬਿਜਾਈ ਨੂੰ ਤਰਜੀਹ ਦਿਉ ਕਿਉਂਕਿ ਇਹ ਬਿਜਾਈ ਅਤੇ ਸਪਰੇਅ ਨਾਲੋ-ਨਾਲ ਕਰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲਾਓ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਸ਼ਤਕਾਰੀ ਢੰਗਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਸਹੀ ਨਦੀਨ ਨਾਸ਼ਕ ਦੀ ਵਰਤੋਂ ਸਹੀ ਸਮੇਂ ਅਤੇ ਸਹੀ ਢੰਗ ਤਰੀਕੇ ਵਰਤ ਕੇ ਕਰਨ ਨਾਲ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਸੁਖਾਲੀ ਹੈ।